ਅੰਮ੍ਰਿਤਸਰ: ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਗਏ ਇੱਕ ਸਿੱਖ ਸ਼ਰਧਾਲੂ ਦੀ ਮੌਤ ਹੋ ਗਈ। ਪਾਕਿਸਤਾਨ ਸਰਕਾਰ ਨੇ ਮ੍ਰਿਤਕ ਦੇਹ ਦਾ ਮੌਤ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਮ੍ਰਿਤਕ ਸ਼ਰਧਾਲੂ ਦੀ ਪਛਾਣ ਜੋਗਿੰਦਰ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ। ਮ੍ਰਿਤਕ ਦੇਹ ਨੂੰ ਅਟਾਰੀ ਵਾਘਾ ਸਰਹੱਦ ਰਾਹੀਂ ਭਾਰਤ ਲਿਆਂਦਾ ਗਿਆ ਹੈ।
ਪਾਕਿਸਤਾਨ ਵਿੱਚ ਮੌਤ: ਜਲੰਧਰ ਦਾ ਰਹਿਣ ਵਾਲਾ ਜੋਗਿੰਦਰ ਸਿੰਘ 9 ਅਪਰੈਲ ਨੂੰ ਹੀ ਜਥੇਬੰਦੀ ਦੇ ਆਗੂ ਅਮਰਜੀਤ ਸਿੰਘ ਨਾਲ ਪਾਕਿਸਤਾਨ ਪਹੁੰਚ ਗਿਆ ਸੀ। ਜਦੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਕਮਰਾ ਨੰ. 256 ਵਿੱਚ ਸਨ ਤਾਂ ਇਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਜੋਗਿੰਦਰ ਸਿੰਘ ਦੀ ਮੌਤ ਦਾ ਸਰਟੀਫਿਕੇਟ ਨਨਕਾਣਾ ਸਾਹਿਬ ਹਸਪਤਾਲ ਵੱਲੋਂ ਜਾਰੀ ਕੀਤਾ ਗਿਆ ਸੀ।
ਮ੍ਰਿਤਕ ਦੇਹ ਕੀਤੀ ਰਸੀਵ: ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਕਿਸਤਾਨ ਵਾਲੇ ਪਾਸਿਉਂ ਅਟਾਰੀ ਵਾਘਾ ਸਰਹੱਦ 'ਤੇ ਸ਼੍ਰੋਮਣੀ ਕਮੇਟੀ ਦੇ ਸੁਪਰਡੈਂਟ ਰਾਜਿੰਦਰ ਸਿੰਘ ਰੂਬੀ ਅਟਾਰੀ 'ਤੇ ਮ੍ਰਿਤਕ ਦੀ ਬੇਟੀ ਰਚਨਦੀਪ ਕੌਰ ਦਮਾਦ ਹਰਪ੍ਰੀਤ ਸਿੰਘ ਨਾਲ ਮਿਰਤਕ ਜੋਗਿੰਦਰ ਸਿੰਘ ਦੀ ਲਾਸ਼ ਰਸੀਵ ਕੀਤੀ ਗਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਐਂਬੂਲੈਂਸ ਰਾਹੀ ਮ੍ਰਿਤਕ ਦੇਹ ਵਾਘਾ ਬਾਰਡਰ ਤੋਂ ਰਸੀਵ ਕੀਤੀ। ਸ਼੍ਰੋਮਣੀ ਕਮੇਟੀ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪੂਰੀ ਕੋਸ਼ਿਸ ਕੀਤੀ।
ਸ਼੍ਰੋਮਣੀ ਕਮੇਟੀ ਨੇ ਚੁੱਕੇ ਕਦਮ: ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਵੈਸਾਖੀ ਮਨਾਉਣ ਲਈ ਇੱਕ ਜੱਥਾ ਪਾਕਿਸਤਾਨ ਗਿਆ ਸੀ ਜਿਸਦੇ ਚਲਦੇ ਉੱਥੇ ਜੋਗਿੰਦਰ ਸਿੰਘ ਸ਼ਰਧਾਲੂ ਜਿਨ੍ਹਾਂ ਦੀ ਉਮਰ 65 ਸਾਲ ਦੇ ਕਰੀਬ ਸੀ। ਜਿਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਸ਼੍ਰੋਮਣੀ ਕਮੇਟੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੀ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਤੋ ਭਾਰਤ ਲਿਆਂਦਾ ਗਿਆ। ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਾਗਜ਼ੀ ਕਾਰਵਾਈਆਂ ਤੋਂ ਬਾਅਦ ਮ੍ਰਿਤਕ ਦੇ ਘਰ ਜਲੰਧਰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ ਵਿੱਚ 7 ਵਾਰ ਭਾਰਤੀ ਸਿੱਖਾਂ ਨੂੰ ਪਾਕਿਸਤਾਨ ਨੇ ਆਉਣ ਦੀ ਆਗਿਆ ਦਿੱਤੀ ਹੈ। ਜਿਸ ਵਿੱਚ ਸਿੱਖ ਵੱਖ-ਵੱਖ ਮੌਕਿਆਂ ਉਤੇ ਪਾਕਿਸਤਾਨ ਜਾਂਦੇ ਹਨ।
ਇਹ ਵੀ ਪੜ੍ਹੋ:- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ, ਗੁਰਜੰਟ ਸਿੰਘ ਕੱਟੂ ਨੂੰ ਉਤਾਰਿਆ ਮੈਦਾਨ 'ਚ