ਅੰਮ੍ਰਿਤਸਰ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਇੱਕ ਗੰਭੀਰ ਸਕੰਟ ਵਿੱਚ ਲਿਆ ਸੁੱਟਿਆ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਨੂੰ ਕੋਰੋਨਾ ਆਫਤ ਤੋਂ ਬਚਾਉਣ ਲਈ ਕਰਿਫਊ ਲਗਾਇਆ ਹੋਇਆ ਹੈ। ਇਸ ਕਰਫਿਊ ਵਿੱਚ ਦਿਨ-ਰਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਡਿਊਟੀ ਕਰ ਰਹੇ ਹਨ। ਸਖ਼ਤ ਡਿਊਟੀ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਹੋ ਕੇ ਕੀਤਾ ਜਾ ਰਿਹਾ ਹੈ। ਕੁਝ ਇਸੇ ਤਰ੍ਹਾਂ ਦੀ ਮਿਸਾਲ ਅੰਮ੍ਰਿਤਸਰ ਦੇ ਮਹਿਲਾ ਥਾਣੇ 'ਚ ਤਾਇਨਾਤ ਇੰਸਪੈਕਟਰ ਰਾਜਵਿੰਦਰ ਕੌਰ ਅਤੇ ਉਸ ਦੀ ਟੀਮ ਪੇਸ਼ ਕੀਤੀ ਹੈ।
ਰਾਜਵਿੰਦਰ ਕੌਰ ਅਤੇ ਉਸ ਦੀ ਟੀਮ ਵੱਲੋਂ ਲੋੜਵੰਦ ਲੋਕਾਂ ਲਈ ਜ਼ਰੂਰਤ ਦੇ ਕਪੜੇ ਇਕੱਤਰ ਕਰ ਕੇ ਵੰਡੇ ਜਾ ਰਹੇ ਹਨ। ਟੀਮ ਨੇ ਇਨ੍ਹਾਂ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਖਾਉਣ ਤੋਂ ਬਾਅਦ ਸੈਨੇਟਾਈਜ਼ ਕਰਨ ਦੇ ਨਾਲ-ਨਾਲ ਪ੍ਰੈਸ ਕੀਤਾ ਗਿਆ।
ਇਸ ਮੌਕੇ ਗੱਲ ਕਰਦੇ ਹੋਏ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾਂ ਇਨ੍ਹਾਂ ਲੋਕਾਂ ਵਿੱਚ ਵਿਚਰ ਰਹੇ ਸੀ। ਇਸੇ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਹ ਲੋਕ ਕਰਫਿਊ ਕਾਰਨ ਗਰਮੀ ਦੇ ਮੌਸਮ ਵਿੱਚ ਵੀ ਗਰਮ ਕੱਪੜੇ ਪਾਉਣ ਲਈ ਮਜ਼ਬੂਰ ਹਨ। ਇਸ ਕਰਕੇ ਉਨ੍ਹਾ ਨੇ ਫੈਸਲਾ ਕੀਤਾ ਇਨ੍ਹਾਂ ਲੋੜਵੰਦ ਲੋਕਾਂ ਲਈ ਉਹ ਆਪਣੇ ਮੁਲਾਜ਼ਮਾਂ ਤੋਂ ਹੀ ਕੱਪੜੇ ਇੱਕਤਰ ਕਰਕੇ ਇਨ੍ਹਾਂ ਵਿੱਚ ਵੰਡਣਗੇ।
ਇਸ ਮੌਕੇ ਏਸੀਪੀ ਸੋਮਨਾਥ ਨੇ ਇੰਸਪੈਕਟਰ ਰਾਜਵਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਨਾਲ ਤਿਆਰ ਕੀਤੇ ਕੱਪੜਿਆਂ ਨੂੰ ਲੋੜਵੰਦ ਲੋਕਾਂ ਵਿੱਚ ਵੰਡਿਆ। ਉਨ੍ਹਾਂ ਆਪਣੀ ਟੀਮ ਦੇ ਇਸ ਉਪਰਾਲੇ ਲਈ ਪਿੱਠ ਵੀ ਥਪਾੜੀ ।
ਮਹਿਕਮੇ ਦੇ ਅਫ਼ਸਰਾਂ ਤੋਂ ਬਿਨ੍ਹਾਂ ਇਲਾਕੇ ਦੇ ਲੋਕਾਂ ਨੇ ਵੀ ਇਨ੍ਹਾਂ ਮੁਾਲਜ਼ਮਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਮੁਹੱਲਾ ਵਾਸੀਆਂ ਅਤੇ ਕੌਸਲਰ ਅਮਰਬੀਰ ਸਿੰਘ ਢੋਟ ਨੇ ਰਾਜਵਿੰਦਰ ਕੌਰ ਤੇ ਉਨ੍ਹਾਂ ਦੀ ਟੀਮ ਦਾ ਸਿਰੋਪਿਓ ਦੇ ਕੇ ਸਨਮਾਨ ਕੀਤਾ।