ਅੰਮ੍ਰਿਤਸਰ: ਖਾਲਸਾ ਕਾਲਜ ਸਾਹਮਣੇ 22 ਨੰਬਰ ਫਾਟਕ ਤੋਂ ਇਸਲਾਮਾਬਾਦ ਤੱਕ ਬਣਨ ਵਾਲੇ ਪੁਲ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਨਾਲ ਹੀ ਪੁਲ ਬਣਨ 'ਤੇ ਰੌਕ ਲਗਾਉਣ ਲਈ ਅਦਾਲਤ ਦਾ ਦਰਵਾਜਾ ਖੜਕਾਉਣ ਦੇ ਨਾਲ-ਨਾਲ ਸਰਕਾਰ ਨੂੰ ਸੜਕਾਂ 'ਤੇ ਉਤਰਣ ਦੀ ਸਖਤ ਚੇਤਾਵਨੀ ਵੀ ਦਿੱਤੀ।
ਇਸ ਮੌਕੇ ਇਲਾਕਾ ਵਾਸੀਆਂ ਨੇ ਦੱਸਿਆ ਕਿ 22 ਨੰਬਰ ਫਾਟਕ ਤੋਂ ਇਸਲਾਮਾਬਾਦ ਦੇ ਏਰੀਆ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਹੈ, ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਰੋਡ ਦੀ ਚੌੜਾਈ ਪਹਿਲਾਂ ਹੀ ਬਹੁਤ ਘੱਟ ਹੈ, ਜੇਕਰ ਪੰਜਾਬ ਸਰਕਾਰ ਵੱਲੋਂ ਇਸ ਪਾਸੇ ਵੱਲ ਪੁਲ ਨੂੰ ਬਣਾਇਆ ਜਾਂਦਾ ਹੈ ਤਾਂ ਇਸ ਰੋਡ ਦੀ ਸੜਕ ਚੌੜਾਈ ਹੋਰ ਵੀ ਘੱਟ ਜਾਵੇਗੀ, ਜਿਸ ਨਾਲ ਲੰਮਾ ਟ੍ਰੈਫਿਕ ਜਾਮ ਲੱਗਾ ਰਹੇਗਾ।
ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ 'ਤੇ ਪੁਲ ਬਨਾਉਣ ਵਾਲੀ ਕੰਪਨੀ ਨੇ ਇਥੋਂ ਨਾ ਹੀ ਕੋਈ ਸਰਵੇ ਕਰਵਾਇਆ ਹੈ ਤੇ ਨਾ ਹੀ ਲੋਕਾਂ ਤੋਂ ਪੁਲ ਬਨਾਉਣ ਲਈ ਇਤਰਾਜ਼ ਮੰਗੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਕਈ ਵਾਰ ਇੰਪਰੂਵਮੈਂਟ ਟਰੱਸਟ ਦੇ ਅਫਸਰਾਂ ਨਾਲ ਵੀ ਰਾਬਤਾ ਕਾਇਮ ਕੀਤਾ, ਪਰ ਉਨ੍ਹਾਂ ਵੱਲੋਂ ਵੀ ਕੋਈ ਤੱਸਲੀ ਬਖਸ਼ ਜਵਾਬ ਨਹੀ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਵਲੋਂ ਅੱਜ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪੁਲ ਨੂੰ ਖਾਰਿਜ ਕੀਤਾ ਜਾਵੇ ਜੇਕਰ ਪੁਲ ਬਨਾਉਣਾ ਬਹੁਤ ਹੀ ਜ਼ਰੂਰੀ ਹੈ ਤਾਂ ਅੰਡਰ ਗਰਾਉਂਡ ਪੁੱਲ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆ ਸਕੇ।
ਮੌਕੇ 'ਤੇ ਮੌਜੂਦ ਏਐਸਆਈ ਚੰਦਰ ਮੋਹਨ ਨੇ ਦੱਸਿਆ ਕਿ ਲੋਕਾਂ ਵੱਲੋਂ ਪੁਲ ਬਨਾਉਣ ਦੇ ਵਿਰੋਧ ਵਿੱਚ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਹੈ, ਫਿਰ ਵੀ ਕਿਸੇ ਤਰ੍ਹਾਂ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਉਹ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਹਨ ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਹਨ।