ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਜਿਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚਦੀਆਂ ਹਨ ਗੁਰੂ ਘਰ ਨਤਮਸਕ ਹੋਣ ਲਈ। ਪਰ ਇੱਥੇ ਕੁਝ ਅਜਿਹੇ ਲੋਕ ਹਨ ਜੋ ਕਿ ਸੈਲਾਨੀਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਹਨ। ਇਹਨਾ ਵਿੱਚ ਮਹਿਲਾਵਾਂ ਵੀ ਪਿੱਛੇ ਨਹੀਂ ਹਨ। ਤਾਜ਼ਾ ਮਾਮਲੇ ਵਿਚ ਧਾਰਮਕਿ ਅਸਥਾਨ ਉੱਤੇ ਚੋਰੀ ਕਰਦੀਆਂ ਮਹਿਲਾਵਾਂ ਦੇ ਗੈਂਗ ਨੂੰ ਪੁਲਿਸ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਆਏ ਦਿਨ ਧਾਰਮਿਕ ਸਥਾਨਾਂ 'ਤੇ ਸ਼ਰਧਾਲੂਆ ਦੇ ਸਮਾਨ ਪਰਸ, ਗਲੇ ਦੀ ਚੈਨ ਤੇ ਹੋਰ ਵੀ ਕਈ ਚੀਜਾਂ ਚੋਰੀ ਹੋਣ ਦੇ ਮਾਮਲੇ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਮਿਲ ਰਹੀਆਂ ਸਨ। ਜਿਸ ਦੇ ਚੱਲਦੇ ਪੁਲਿਸ ਅਧਿਕਾਰੀ ਵੀ ਇਨ੍ਹਾਂ ਮਾੜੇ ਅਨਸਰਾਂ ਵਿਰੁੱਧ ਪੂਰੀ ਨਿਗਾਹ ਲਗਾਈ ਬੈਠੇ ਹੋਏ ਸਨ।
ਰੰਗੇ ਹੱਥੀ ਕਾਬੂ ਕੀਤਾ ਗਿਆ: ਇਸੇ ਤਹਿਤ ਹੀ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ। ਜਦੋਂ ਗੁਰੁਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼ਰਧਾਲੂਆਂ ਦੀ ਭੀੜ ਵਿੱਚ ਇਹਨਾਂ ਮਹਿਲਾਵਾਂ ਦੇ ਗੈਂਗ ਨੇ ਚੋਰੀ ਕੀਤੀ। ਮਹਿਲਾਵਾਂ ਨੂੰ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਬੁਲਾਇਆ ਅਤੇ ਚਾਰ ਦੇ ਕਰੀਬ ਲੁਟੇਰੀ ਔਰਤਾਂ ਨੂੰ ਕਾਬੂ ਪੁਲਿਸ ਥਾਣੇ ਭੇਜਿਆ।
ਮਹਿਲਾਵਾਂ ਦਾ ਗੈਂਗ: ਇਸ ਮੌਕੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਮੀਡਿਆ ਨੂੰ ਦੱਸਿਆ ਕਿ ਸਾਨੂੰ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਪਰ ਅੱਜ ਅਸੀਂ ਇਨ੍ਹਾਂ ਨੂੰ ਫੜਨ ਵਿਚ ਕਾਮਯਾਬ ਹੋ ਗਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਠ ਤੋਂ ਦੱਸ ਦੇ ਕਰੀਬ ਇਨ੍ਹਾਂ ਮਹਿਲਾਵਾਂ ਦਾ ਗੈਂਗ ਬਣਿਆ ਹੋਇਆ ਹੈ ਜੋ ਕਿ ਧਾਰਮਿਕ ਸਥਾਨਾਂ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੀਆਂ ਸਨ। ਇਨ੍ਹਾਂ ਕੋਲੋਂ ਕਟਰ ਵੀ ਬਰਮਾਦ ਕੀਤਾ ਗਿਆ ਹੈ ਇਹ ਸੰਗਰੂਰ ਤੇ ਬਰਨਾਲਾ ਸ਼ਹਿਰ ਦੀਆਂ ਰਹਿਣ ਵਾਲੀਆਂ ਹਨ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਕੋਲੋ ਪੁੱਛਗਿੱਛ ਕੀਤੀ ਜਾ ਸਕੇ। ਨਾਲ ਹੀ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭੀੜ ਵਾਲ਼ੀ ਜਗਾਹ 'ਤੇ ਆਪਣੇ ਸਮਾਨ ਅਤੇ ਪਰਸ ਦਾ ਧਿਆਨ ਰੱਖੋ ਤਾਂ ਜੋ ਅਜਿਹੇ ਲੋਕਾਂ ਤੋਂ ਬਚਿਆ ਜਾ ਸਕੇ।
ਲੁੱਟ ਦੀ ਨੀਅਤ ਨਾਲ ਲੋਕਾਂ ਦਾ ਜਾਨੀ ਨੁਕਸਾਨ: ਜ਼ਿਕਰਯੋਗ ਹੈ ਕਿ ਸੂਬੇ ਵਿਚ ਪਹਿਲਾਂ ਹੀ ਅਪਰਾਧਿਕ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ। ਦਿਨ ਦਿਹਾੜੇ ਕਤਲ ਹੋ ਰਹੇ ਹਨ ਲੁੱਟ ਦੀ ਨੀਅਤ ਨਾਲ ਲੋਕਾਂ ਦਾ ਜਾਨੀ ਨੁਕਸਾਨ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਇਹ ਲੁਟੇਰੇ ਧਾਰਮਕਿ ਸਥਾਨ ਵੀ ਨਹੀਂ ਬਖਸ਼ ਰਹੇ।