ਅੰਮ੍ਰਿਤਸਰ : ਸਥਾਨਕ ਸ਼ਹਿਰ ਦੇ ਮੋਹਕਪੁਰਾ ਥਾਣੇ ਤਹਿਤ ਪੈਂਦੀ ਮਹਿੰਦਰਾ ਕਾਲੋਨੀ ਦੇ ਰਹਿਣ ਵਾਲੇ ਇਕ ਸ਼ਖ਼ਸ ਨੇ ਆਪਣੇ ਛੋਟੇ ਭਰਾ ਦੀ ਬਰਫ਼ ਤੋੜਣ ਵਾਲੇ ਸੂਏ ਮਾਰ-ਮਾਰ ਕੇ ਕਤਲ ਕਰਨ ਦੀ ਖ਼ਬਰ ਮਿਲੀ ਹੈ। ਐਤਵਾਰ ਦੀ ਸ਼ਾਮ ਨੂੰ ਦੋਵਾਂ ਭਰਾਵਾ ਵਿੱਚ 15੦੦ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਹੋਇਆ ਸੀ। ਫ਼ਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਅਤੇ ਬੇਟੀ ਇਕ ਹੀ ਪਰਿਵਾਰ ਵਿੱਚ ਰਹਿੰਦੇ ਹਨ। ਸਿਕੰਦਰ ਦਾ ਵਿਆਹ ਹੋ ਚੁੱਕਾ ਹੈ। ਹਾਲੇ ਬੇਟੀ ਤੇ ਵਿਸ਼ਾਲ ਦਾ ਵਿਆਹ ਕਰਨਾ ਸੀ। ਕੁਝ ਸਾਲ ਪਹਿਲਾਂ ਦੋਵੇਂ ਬੇਟੇ ਨਸ਼ੇ ਦੀ ਲੱਤ ਦੇ ਸ਼ਿਕਾਰ ਹੋ ਗਏ। ਅਕਸਰ ਘਰ ਵਿੱਚ ਦੋਵੇਂ ਸ਼ਰਾਬ ਪੀਂਦੇ ਸਨ। ਕਈ ਵਾਰ ਉਨ੍ਹਾਂ ਨੂੰ ਸਮਝਾਇਆ ਪਰ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੁੰਦਾ ਸੀ।
ਸਿਕੰਦਰ ਤੇ ਵਿਸ਼ਾਲ ਕਈ ਵਾਰ ਝਗੜਾ ਵੀ ਕਰਦੇ ਸਨ। ਲੌਕਡਾਊਨ ਕਾਰਨ ਦੋਵਾਂ ਭਰਾਵਾਂ ਕੋਲ ਕੋਈ ਕੰਮ ਨਹੀਂ ਸੀ। ਪਿਛਲੇ ਤਿੰਨ ਦਿਨ ਤੋਂ ਦੋਵਾਂ ਵਿਚਕਾਰ 15੦੦ ਰੁਪਏ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਐਤਵਾਰ ਨੂੰ ਫਿਰ ਦੋਵਾਂ ਵਿੱਚ ਝਗੜਾ ਹੋਇਆ ਤਾਂ ਸਿਕੰਦਰ ਬਰਫ਼ ਤੋੜਣ ਵਾਲਾ ਸੂਆ ਲੈ ਆਇਆ ਅਤੇ ਵਿਸ਼ਾਲ 'ਤੇ ਕਈ ਵਾਰ ਕਰ ਦਿੱਤੇ। ਖ਼ੂਨ ਨਾਲ ਲੱਥਪਥ ਵਿਸ਼ਾਲ ਜ਼ਮੀਨ 'ਤੇ ਡਿੱਗ ਪਿਆ ਅਤੇ ਸਿਕੰਦਰ ਫਰਾਰ ਹੋ ਗਿਆ। ਹਸਪਤਾਲ ਲਿਜਾਂਦੇ ਸਮੇਂ ਵਿਸ਼ਾਲ ਨੇ ਦਮ ਤੋੜ ਦਿੱਤਾ। ਪੁਲਿਸ ਨੇ ਸਿਕੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ਵਿੱਚ ਲੈ ਲਿਆ।