ਅੰਮ੍ਰਿਤਸਰ : ਮਨੁੱਖੀ ਅਧਿਕਾਰ ਸੰਗਠਨ ਦੀ ਸੂਬਾ ਪ੍ਰਧਾਨ ਜਸਵਿੰਦਰ ਕੌਰ ਸੋਹਲ ਵੱਲੋ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਅੰਗਹੀਣ ਖਿਡਾਰੀ ਤਰੁਣ ਸ਼ਰਮਾ ਦੇ ਨਾਲ ਮੀਡਿਆ ਨੂੰ ਰੂਬਰੂ ਕਰਵਾਈਆ ਗਿਆ। ਸੰਗਠਨ ਦੀ ਸੂਬਾ ਪ੍ਰਧਾਨ ਜਸਵਿੰਦਰ ਕੌਰ ਸੋਹਲ ਨੇ ਕਿਹਾ ਕਿ ਤਰੁਣ ਸ਼ਰਮਾ ਨੇ ਦੇਸ਼ ਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤਰੁਣ ਮੈਡਲ ਜਿੱਤਣ ਤੋਂ ਬਾਅਦ ਰੋਡਵੇਜ ਦੀ ਬੱਸ ਵਿੱਚ ਆਇਆ ਸੀ ਅਤੇ ਇਕ ਵੀਡਿਓ ਵੀ ਵਾਇਰਲ ਹੋਈ ਸੀ। ਉਨ੍ਹਾਂ ਕਿਹਾ ਕਿ ਤਰੁਣ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਮੈਂ ਵੀ ਉਸੇ ਤਰ੍ਹਾਂ ਹੀ ਕਰਾਂਗਾ।ਜੇਕਰ ਨੌਜਵਾਨ ਖਿਡਾਰੀ ਦੀ ਕੋਈ ਇੱਜਤ ਨਹੀਂ ਕਰੇਗਾ ਤਾਂ ਬਾਕੀ ਖਿਡਾਰੀ ਕਿਵੇਂ ਅੱਗੇ ਵਧਣਗੇ।
ਸਰਕਾਰ ਤੋਂ ਮੰਗੀ ਨੌਕਰੀ : ਤਰੁਣ ਸ਼ਰਮਾ ਨੇ ਕਿਹਾ ਕਿ ਮੇਰੀ ਅਵਾਜ ਬੁਲੰਦ ਕਰਨ ਲਈ ਅੱਜ ਮੀਡਿਆ ਇਕੱਠਾ ਹੋਈਆ ਹੈ। ਕੱਲ ਮੀਡਿਆ ਵਿੱਚ ਮੀਤ ਹੇਅਰ ਦਾ ਬਿਆਨ ਆਈਆ ਸੀ ਕਿ ਉਹ 35 ਖੇਡਾਂ ਨੂੰ ਮਾਨਤਾ ਦੇਣਗੇ। ਤਰੁਣ ਸ਼ਰਮਾ ਨੇ ਕਿਹਾ ਕਿ ਮੇਰੀ ਖੇਡ ਏਸ਼ੀਅਨ ਹੈ। 27 ਵਰ੍ਹਿਆਂ ਤੋਂ ਖੇਡਾਂ ਨਾਲ ਜੁੜਿਆ ਹੋਇਆ ਹਾਂ। ਉਨ੍ਹਾ ਕਿਹਾ ਕਿ ਮੇਰੀ ਉਮਰ 33 ਸਾਲ ਹੈ ਅਤੇ 17 ਦੇਸ਼ਾਂ ਵਿੱਚ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕਾ ਹਾਂ। ਕਦੇ ਵੀ ਸਰਕਾਰ ਵਲੋਂ ਕੋਈ ਆਰਥਿਕ ਸਹਾਇਤਾ ਨਹੀਂ ਕੀਤੀ ਗਈ। ਉਨ੍ਹਾ ਕਿਹਾ ਕਿ ਮੈ ਸਰਕਾਰ ਕੋਲੋਂ ਨੌਕਰੀ ਦੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ ਮੈਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੇਰਾ ਬਣਦਾ ਹੱਕ ਦਿੱਤਾ ਜਾਵੇ। ਤਰੁਣ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਮੈਨੂੰ ਭਰੋਸਾ ਦਿੱਤਾ ਗਿਆ ਹੈ ਕਿ ਤੁਹਾਡਾ ਹੱਕ ਤੁਹਾਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਕਿ ਮੈਂ ਵਿਧਾਇਕ ਖਿਲਾਫ ਨਹੀਂ ਬੋਲ ਸਕਦਾ ਹਾਂ। ਉਨ੍ਹਾ ਕਿਹਾ ਕਿ ਸਾਡੀ ਸੁਣਵਾਈ ਨਹੀਂ ਹੋਈ ਤਾਂ ਕੇਂਦਰ ਸਰਕਾਰ ਵਿੱਚ ਅਨੁਰਾਗ ਠਾਕੁਰ ਕੋਲ ਮੰਗ ਪੱਤਰ ਲੈਕੇ ਜਾਵਾਂਗੇ।