ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਲਗਾਤਾਰ ਨੌਜਵਾਨਾਂ ਵਲੋਂ ਟਿਕ ਟੌਕ ਵੀਡੀਓਜ਼ ਬਣਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨੂੰ ਵੇਖਦਿਆ ਸ੍ਰੀ ਅਕਾਲ ਤਖ਼ਤ ਵਲੋਂ ਸਖ਼ਤੀ ਵਰਤੀ ਜਾ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁਤਾਬਕ, ਜੇਕਰ ਅਜਿਹੀਆਂ ਵੀਡੀਓਜ਼ ਸਾਹਮਣੇ ਆਉਣਗੀਆਂ ਤਾਂ ਭੱਵਿਖ ਵਿੱਚ ਮੋਬਾਈਲ ਫੋਨ ਹਰਮੰਦਿਰ ਸਾਹਿਬ ਦੇ ਅੰਦਰ ਲੈ ਕੇ ਜਾਣ 'ਤੇ ਰੋਕ ਲਗਾ ਦਿੱਤੀ ਜਾਵੇਗੀ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਨੌਜਵਾਨ ਕੁੜੀਆਂ ਮੁੰਡਿਆਂ ਨੇ ਗੁਰਦੁਆਰਾ ਸਾਹਿਬ ਅੰਦਰ ਟਿਕ ਟੌਕ ਪਾਉਣਾ ਬੰਦ ਨਾ ਕੀਤਾ ਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੋਬਾਈਲ 'ਤੇ ਪਾਬੰਦੀ ਲਾਉਣ ਲਈ ਮਜ਼ਬੂਰ ਹੋਣਾ ਪਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਅਜਿਹੀਆਂ ਗਤੀਵਿਧੀਆਂ ਦੀ ਰੋਕਥਾਮ ਲਈ ਬਹੁਤ ਸਾਰੇ ਸੇਵਾਦਾਰ ਤਾਇਨਾਤ ਕੀਤੇ ਹੋਏ ਹਨ, ਪਰ ਪਰਿਕਰਮਾ ਇੰਨੀ ਵੱਡੀ ਹੈ ਕਿ ਅਜਿਹਾ ਕੋਈ ਵੀ ਕਦਮ ਨਾਕਾਫ਼ੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਆਪ ਹੀ ਅਜਿਹੀਆਂ ਗ਼ਲਤ ਗੱਲਾਂ ਲਈ ਮੋਬਾਇਲ ਫ਼ੋਨ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੁਝ ਲੜਕੀਆਂ ਵੱਲੋਂ ਟਿਕਟੋਕ ’ਤੇ ਬਣਾਈ ਗਈ ਵੀਡੀਓ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਸੀ।
ਦੱਸਣਯੋਗ ਹੈ ਕਿ ਤਿੰਨ ਕੁੜੀਆਂ ਦੀ ਟਿਕ ਟੌਕ ਵੀਡੀਓ ਸਾਹਮਣੇ ਆਈ ਸੀ ਜੋ ਹਰਮੰਦਿਰ ਸਾਹਿਬ ਦੇ ਪਰਿਸਰ ਅੰਦਰ ਬਣਾਈ ਗਈ ਸੀ। ਇਸ ਵਿੱਚ ਤਿੰਨ ਕੁੜੀਆਂ ਨਜ਼ਰ ਆ ਰਹੀਆਂ ਹਨ ਅਤੇ ਭੱਦਾ ਗੀਤ ਚੱਲਦਾ ਸੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਇਸ ਨੂੰ ਮੰਦਭਾਗੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਮੰਦਿਰ ਸਾਹਿਬ ਵਿਖੇ ਜਾਣ ਬੁੱਝ ਕੇ ਭੱਦੇ ਗੀਤਾਂ ਦੀ ਟਿਕ ਟੌਕ ਵੀਡੀਓ ਬਣਾਉਣੀ ਪਾਵਨ ਅਸਥਾਨ ਦੀ ਮਰਿਯਾਦਾ ਵਿਰੁੱਧ ਹੈ ਜਦੋਂ ਕੋਈ ਅਜਿਹਾ ਕਰਦਾ ਹੈ ਤਾਂ ਸੰਗਤ ਦੀ ਸ਼ਰਧਾ-ਭਾਵਨਾ ਨੂੰ ਠੇਸ ਪੁੱਜਦੀ ਹੈ।
ਉਨ੍ਹਾਂ ਕਿਹਾ ਕਿ ਤਾਜ਼ਾ ਵੀਡੀਓ ਬਣਾਉਣ ਵਾਲੀਆਂ ਲੜਕੀਆਂ ਵਿਰੁੱਧ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸਬੰਧ ਵਿੱਚ ਸਾਈਬਰ ਕ੍ਰਾਈਮ ਵਿਭਾਗ ਨੂੰ ਲਿਖਿਆ ਹੈ। ਆਹਲੀ ਨੇ ਕਿਹਾ ਕਿ ਸ੍ਰੀ ਹਰਮੰਦਿਰ ਸਾਹਿਬ ਵਿਖੇ ਵੀਡੀਓ ਬਣਾਉਣ ਤੋਂ ਰੋਕਣ ਲਈ ਥਾਂ-ਥਾਂ 'ਤੇ ਬੋਰਡ ਲਗਾਏ ਗਏ ਹਨ, ਪਰ ਕੁਝ ਲੋਕ ਫਿਰ ਵੀ ਨਹੀਂ ਟਲਦੇ। ਉਨ੍ਹਾਂ ਕਿਹਾ ਕਿ ਕੁੜੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੇ।
ਇਹ ਵੀ ਪੜ੍ਹੋ: ਦਿੱਲੀ ਵਿਧਾਨਸਭਾ ਚੋਣਾਂ: 70 ਸੀਟਾਂ ਲਈ ਵੋਟਿੰਗ ਸ਼ੁਰੂ, ਕੇਜਰੀਵਾਲ ਨੇ ਕੀਤੀ ਵੋਟ ਪਾਉਣ ਦੀ ਅਪੀਲ