ਅੱਜ ਦਾ ਮੁੱਖਵਾਕ
![Aaj Da hukamnama, Hukamnama, Hukamnama Etv Bharat](https://etvbharatimages.akamaized.net/etvbharat/prod-images/17949196_hukamana.jpg)
ਵਿਆਖਿਆ: ਵਡਹੰਸੁ ਮਹਲਾ ਚੌਥਾ, ਹੇ ਹਰਿ, ਮੈਨੂੰ ਗੁਰੂ ਦੇ ਚਰਨਾਂ ਵਿੱਚ ਰੱਖ। ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ। ਇਸ ਮਨੁੱਖ ਨੇ ਗੁਰੂ ਦੇ ਰਾਹੀਂ ਆਤਮਿਕ ਜੀਵਨ ਦੀ ਸੂਝ ਦਾ ਸੁਰਮਾ ਹਾਸਿਲ ਕਰ ਲਿਆ, ਉਸ ਨੇ ਆਪਣੇ ਅੰਦਰੋਂ ਆਤਮਿਕ ਜੀਵਨ ਵਲੋਂ ਬੇਸਮਝੀ ਦਾ ਹਨ੍ਹੇਰਾ ਦੂਰ ਕਰ ਲਿਆ। ਜਿਸ ਮਨੁੱਖ ਨੇ ਗੁਰੂ ਕੋਲੋਂ ਇਹ ਗਿਆਨ ਦਾ ਸੁਰਮਾ ਲੈ ਲਿਆ ਹੈ, ਉਸ ਮਨੁੱਖ ਦੇ ਅਗਿਆਨ ਦੇ ਹਨ੍ਹੇਰੇ ਨਾਸ਼ ਹੋ ਜਾਂਦੇ ਹਨ, ਖ਼ਤਮ ਹੋ ਜਾਂਦੇ ਹਨ। ਗੁਰੂ ਦੀ ਦੱਸੀ ਸੇਵਾ ਕਰ ਕੇ ਉਹ ਮਨੁੱਖ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਿਲ ਕਰ ਲੈਂਦਾ ਹੈ। ਉਹ ਮਨੁੱਖ ਹਰ ਸਾਹ, ਪਲ-ਪਲ ਪਰਮਾਤਮਾ ਦਾ ਨਾਮ ਜਪਦਾ ਹੈ। ਹੇ ਭਾਈ, ਹਰਿ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉੱਤੇ ਮਿਹਰ ਕੀਤੀ, ਉਨ੍ਹਾਂ ਨੂੰ ਉਸ ਨੇ ਗੁਰੂ ਦੀ ਸੇਵਾ ਵਿੱਚ ਜੋੜ ਦਿੱਤਾ ਹੈ।
ਹੇ ਹਰਿ, ਮੈਨੂੰ ਗੁਰੂ ਦੇ ਚਰਨਾਂ ਵਿੱਚ ਰੱਖ, ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ।੧। ਹੇ ਭਾਈ, ਮੈਨੂੰ ਮੇਰਾ ਗੁਰੂ ਬਹੁਤ ਪਿਆਰਾ ਲੱਗਦਾ ਹੈ। ਗੁਰੂ ਤੋਂ ਬਿਨਾਂ ਮੈਥੋਂ ਜੀ ਨਹੀਂ ਹੁੰਦਾ। ਗੁਰੂ ਮੈਨੂੰ ਉਹ ਹਰਿ ਦਾ ਨਾਮ ਦਿੰਦਾ ਹੈ, ਜਿਹੜਾ ਅੰਤ ਵੇਲ੍ਹੇ ਮੇਰਾ ਸਾਥੀ ਬਣ ਜਾਵੇਗਾ। ਗੁਰੂ ਨੇ ਉਹ ਹਰਿ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਹੈ, ਜਿਹੜਾ ਆਖੀਰ ਤੱਕ ਮੇਰਾ ਮਿੱਤਰ ਬਣਨ ਵਾਲਾ ਹੈ ਜਿਸ ਸਮੇਂ ਪੁੱਤਰ, ਇਸਤਰੀ ਕੋਈ ਵੀ ਮਦਦਗਾਰ ਜਾਂ ਸਹਾਰਾ ਨਹੀਂ ਬਣਦਾ, ਉੱਥੇ ਹਰਿ ਨਾਮ ਨੇ ਹੀ ਜੀਵ ਨੂੰ ਮੁਸੀਬਤ ਤੋਂ ਛੁਡਵਾਉਣਾ ਹੈ। ਗੁਰੂ ਨਿਰਲੇਪ ਪ੍ਰਮਾਤਮਾ ਦਾ ਰੂਪ ਹੈ, ਉਸ ਗੁਰੂ ਵਿੱਚ ਲੀਨ ਹੋ ਕੇ ਮੈਂ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ। ਹੇ ਭਾਈ! ਮੈਨੂੰ ਗੁਰੂ ਬਹੁਤ ਪਿਆਰਾ ਲੱਗਦਾ ਹੈ, ਗੁਰੂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ।੨।
ਹੇ ਭਾਈ, ਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾਂਪੁਰਖ ਦੇ ਦਰਸ਼ਨ ਨਹੀਂ ਕੀਤੇ, ਉਨ੍ਹਾਂ ਦੇ ਜਨਮ ਲੈਣ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਨੇ ਸਾਰਾ ਮਨੁੱਖਾਂ ਜੀਵਨ ਵਿਅਰਥ ਗੁਆ ਲਿਆ। ਉਨ੍ਹਾਂ ਨੇ ਆਪਣਾ ਜਨਮ ਵਿਅਰਥ ਗੁਆ ਲਿਆ ਹੈ। ਪ੍ਰਮਾਤਮਾ ਨਾਲੋਂ ਟੁੱਟ ਕੇ, ਉਹ ਮਨੁੱਖ ਆਤਮਿਕ ਮੌਤ ਮਰ ਗਏ ਹਨ। ਆਤਮਿਕ ਮੌਤ ਸਹੇੜ ਕੇ ਉਹ ਸਾਰੀ ਉਮਰ ਦੁੱਖੀ ਹੀ ਰਹੇ। ਹਿਰਦੇ ਘਰ ਵਿੱਚ ਕੀਮਤੀ ਨਾਮ ਰਤਨ ਹੁੰਦਿਆਂ ਵੀ ਉਹ ਬਦ ਨਸੀਬ ਮਰੂ ਮਰੂ ਕਰਦਾ ਰਹੇ, ਅਤੇ, ਪ੍ਰਮਾਤਮਾ ਤੋਂ ਵਿਛੜੇ ਰਹੇ।
ਹੇ ਭਾਈ, ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ, ਜਿਨ੍ਹਾਂ ਨੇ ਗੁਰੂ ਮਹਾਂਪੁਰਖ ਦੇ ਦਰਸ਼ਨ ਨਹੀਂ ਕੀਤੇ, ਰੱਬ ਕਰ ਕੇ ਤੁਸਾਂ ਉਨ੍ਹਾਂ ਦੇ ਦਰਸ਼ਨ ਨਾ ਕਰਨਾ।੩। ਹੇ ਭਾਈ, ਪ੍ਰਮਾਤਮਾ ਸਾਡਾ ਬੱਦਲ ਹੈ, ਅਸੀ ਨਿ ਮਾਣੇ ਜਹੇ, ਪਪੀਹੇ ਹਾਂ। ਮੈਂ ਪ੍ਰਮਾਤਮਾ ਕੋਲ ਬੇਨਤੀ ਕਰਦਾ ਹਾਂ ਕਿ ਮੈਨੂੰ ਮੇਰਾ ਪਿਆਰਾ ਗੁਰੂ ਮਿਲਾ, ਗੁਰੂ ਸਤਿਗੁਰੂ ਨੂੰ ਮਿਲ ਕੇ ਮੈਂ ਪ੍ਰਮਾਤਮਾ ਦੀ ਭਗਤੀ ਕਰਾਂਗਾ। ਹੇ ਭਾਈ, ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੀ ਭਗਤੀ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ। ਗੁਰੂ ਤੋਂ ਬਿਨਾਂ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ, ਗੁਰੂ ਹੀ ਮੇਰੀ ਜ਼ਿੰਦਗੀ ਦਾ ਆਸਰਾ ਹੈ । ਹੇ ਨਾਨਕ, ਆਖਦੇ ਹਨ ਕਿ ਗੁਰੂ ਨੇ ਹੀ ਪ੍ਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕੀਤਾ ਹੈ। ਮੈਂ ਪਪੀਹਾ ਹਾਂ ਤੇ ਪ੍ਰਮਾਤਮਾ ਮੇਰਾ ਬੱਦਲ ਹੈ, ਮੈਂ ਪ੍ਰਮਾਤਮਾ ਕੋਲ ਬੇਨਤੀ ਕਰਦਾ ਹਾਂ ਕਿ ਮੈਨੂੰ ਗੁਰੂ ਮਿਲ ਜਾਵੇ।੪।੩।
ਇਹ ਵੀ ਪੜ੍ਹੋ: Dera chief Baba Ram Rahim: ਰਾਮ ਰਹੀਮ ਉੱਤੇ ਜਲੰਧਰ ਵਿੱਚ ਹੋਇਆ ਮਾਮਲਾ ਦਰਜ, ਰਵਿਦਾਸ ਤੇ ਕਬੀਰ ਮਹਾਰਾਜ ਉੱਤੇ ਟਿੱਪਣੀ ਕਰਨ ਦਾ ਇਲਜ਼ਾਮ
![etv play button](https://etvbharatimages.akamaized.net/etvbharat/static/assets/images/video_big_icon-2x.png)