ਅੰਮ੍ਰਿਤਸਰ: ਪੰਜਾਬ ਵਿੱਚ ਚੋਰੀ ਠੱਗੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਦਾ ਇੱਕ ਮਾਮਲਾ ਆਇਆ ਹੈ ਅੰਮ੍ਰਿਤਸਰ (Amritsar) ਤੋਂ ਜਿੱਥੇ ਕੈਬਨਿਟ ਮੰਤਰੀ ਓਪੀ ਸੋਨੀ ਦੀ ਕੋਠੀ ਤੋਂ ਕੁਝ ਹੀ ਦੂਰੀ ’ਤੇ ਬਾਈਕ ਸਵਾਰ ਦੋ ਲੁਟੇਰਿਆਂ ਨੇ ਕਿਰਿਆਨਾ ਕਾਰੋਬਾਰੀ ਨੂੰ ਬੰਧਕ ਬਣਾ ਕੇ ਉਸ ਕੋਲੋਂ 30 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ।
ਫ਼ਰਾਰ ਹੁੰਦੇ ਸਮੇਂ ਬਾਈਕ ਸਵਾਰ ਲੁਟੇਰੇ ਕਾਰੋਬਾਰੀ ਤੋਂ ਪੰਜ ਹਜ਼ਾਰ ਰੁਪਏ ਦੇ ਦੋ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ। ਘਟਨਾ ਬਾਰੇ ਪਤਾ ਚੱਲਦੇ ਹੀ ਏਸੀਪੀ ਸਰਵਜੀਤ ਸਿੰਘ ਬਾਜਵਾ (ACP Sarvajit Singh Bajwa) ਅਤੇ ਇੰਸਪੈਕਟਰ ਸ਼ਿਵ ਦਰਸ਼ਨ (Inspector Shiv Darshan) ਘਟਨਾ ਸਥਾਨ ’ਤੇ ਪਹੁੰਚ ਗਏ।
ਜਾਣਕਾਰੀ ਮੁਤਾਬਿਕ ਰਾਣੀ ਦਾ ਬਾਗ ਵਾਸੀ ਸੁਸ਼ੀਲ ਕੁਮਾਰ (Sushil Kumar) ਨੇ ਦੱਸਿਆ ਕਿ ਉਨ੍ਹਾਂ ਦਾ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਕੋਠੀ ਤੋਂ ਕੁਝ ਹੀ ਦੂਰੀ ’ਤੇ ਕਰਿਆਨੇ ਦਾ ਕਾਰੋਬਾਰ ਹੈ। ਮੰਗਲਵਾਰ ਦੀ ਸਵੇਰ ਉਨ੍ਹਾਂ ਨੇ ਆਪਣਾ ਸ਼ਟਰ ਖੋਲ੍ਹਿਆ ਅਤੇ ਗਾਹਕਾਂ ਨੂੰ ਰਾਸ਼ਨ ਦੇਣ ਲੱਗੇ। ਇਸ ਦੌਰਾਨ ਬਾਈਕ ’ਤੇ ਸਵਾਰ 2 ਨੌਜਵਾਨ ਉਨ੍ਹਾਂ ਦੇ ਸਟੋਰ ’ਤੇ ਆਏ। ਦੋਵਾਂ ਦੇ ਚਿਹਰੇ ਮਾਸਕ ਨਾਲ ਢਕੇ ਹੋਏ ਸੀ। ਦੇਖਦੇ ਹੀ ਦੇਖਦੇ ਇੱਕ ਨੌਜਵਾਨ ਨੇ ਫਿਲਮੀ ਢੰਗ ਨਾਲ ਪਿਸਤੌਲ ਕੱਢ ਕੇ ਉਸਦੀ ਪੁੜਪੁੜੀ ’ਤੇ ਰੱਖ ਦਿੱਤੀ।
ਦੂਸਰੇ ਦੋਸ਼ੀ ਨੇ ਉਸਦੇ ਗੱਲੇ ’ਚ ਹੱਥ ਪਾਇਆ ਅਤੇ ਫਿਰ ਪਿਸਤੌਲ ਧਰ ਕੇ ਤੇਜ਼ੀ ਨਾਲ ਉਸਦੇ ਗੱਲੇ ’ਚੋਂ 30 ਹਜ਼ਾਰ ਰੁਪਏ ਲੁੱਟ ਲਏ। ਇਸ ਦੌਰਾਨ ਦੋਸ਼ੀਆਂ ਨੇ ਉਸਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਅਤੇ ਕਾਊਂਟਰ ਤੇ ਰੱਖੇ ਉਸਦੇ ਪੰਜ ਹਜ਼ਾਰ ਰੁਪਏ ਦੇ 2 ਮੋਬਾਈਲ ਲੈ ਕੇ ਆਪਣੀ ਬਾਈਕ ਲੈ ਕੇ ਫਰਾਰ ਹੋ ਗਏ।
ਇਸੇ ਦੌਰਾਨ ਏਸੀਪੀ ਸਰਬਜੀਤ ਸਿੰਘ ਬਾਜਵਾ (ACP Sarvajit Singh Bajwa) ਨੇ ਦੱਸਿਆ ਕਿ ਘਟਨਾ ਸਥਾਨ ਅਤੇ ਉਸਦੇ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਕਾਰੋਬਾਰੀ ਨੇ ਆਪਣੇ ਸਟੋਰ ਤੇ ਸੀਸੀਟੀਵੀ (CCTV) ਕੈਮਰੇ ਨਹੀਂ ਲਗਵਾਏ। ਪੁਲਿਸ ਨੂੰ ਸ਼ੱਕ ਹੈ ਕਿ ਵਾਰਦਾਤ ਕਿਸੇ ਜਾਣਕਾਰ ਦੁਆਰਾ ਹੀ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਸੀਸੀਟੀਵੀ (CCTV) ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤੱਕ ਲੁਟੇਰਿਆਂ ਦਾ ਕੁਝ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ: ਚੋਰੀ ਦੀਆਂ ਵਾਰਦਾਤਾਂ ਨੇ ਕੀਤਾ ਪੁਲਿਸ ਦੇ ਨੱਕ 'ਚ ਦਮ, ਅੜਿੱਕੇ ਚੜ੍ਹੇ ਚੋਰ