ਅੰਮ੍ਰਿਤਸਰ: ਛੇਹਰਟਾ 'ਚ ਰਹਿਣ ਵਾਲੀ ਇੱਕ ਕੁੜੀ ਦੀ ਗ਼ਲਤ ਨੰਬਰ ਨਾਲ ਜ਼ਿੰਦਗੀ ਬਰਬਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਕੁੜੀ ਨੇ ਦੱਸਿਆ ਕਿ ਉਸ ਦਾ ਗੁਰਬਾਜ ਸਿੰਘ ਨਾਂਅ ਦੇ ਮੁੰਡੇ ਨਾਲ 5 ਸਾਲਾਂ ਤੋਂ ਰਿਲੇਸ਼ਨ ਸੀ। ਪੀੜਤ ਦਾ ਕਹਿਣਾ ਹੈ ਕਿ ਗੁਰਬਾਜ ਸਿੰਘ ਪਹਿਲਾਂ ਤਾਂ ਉਸ ਨੂੰ ਕਹਿੰਦਾ ਸੀ ਕਿ ਉਹ ਉਸ ਨਾਲ ਵਿਆਹ ਕਰਵਾਏਗਾ ਪਰ ਜਦੋਂ ਉਸ ਨੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਤਾਂ ਉਹ ਵਿਆਹ ਕਰਵਾਉਣ ਤੋਂ ਮੁਕਰ ਗਿਆ। ਇਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਸ਼ਿਕਾਇਤ ਕਰਨ 'ਤੇ ਉਸ ਨੇ ਹਾਂ ਕਰ ਦਿੱਤੀ ਪਰ ਜਦੋਂ ਉਹ ਗੁਰਦੁਆਰਾ ਸਾਹਿਬ ਵਿੱਚ ਫੇਰੇ ਲੈਣ ਗਏ ਤਾਂ ਉਸ ਵੇਲੇ ਉਹ ਮੁੰਡੇ ਦੀ ਉਡੀਕ ਕਰਦੀ ਰਹੀ ਤੇ ਉਹ ਆਇਆ ਨਹੀਂ ਤੇ ਉਸ ਨੇ ਕੁੜੀ ਨਾਲ ਵਿਆਹ ਕਰਵਾਉਣ ਤੋਂ ਨਾ ਕਰ ਦਿੱਤੀ।
ਗਲ਼ਤ ਨੰਬਰ ਨੇ ਉਜਾੜੀ ਜ਼ਿੰਦਗੀ
ਪੀੜਤ ਕੁੜੀ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਗ਼ਲਤ ਨੰਬਰ ਤੋਂ ਫ਼ੋਨ ਆਇਆ ਸੀ ਪਰ ਉਹ ਗ਼ਲਤ ਨੰਬਰ ਵਾਲਾ ਵਿਅਕਤੀ ਉਸ ਦਾ ਪਿਆਰ ਬਣ ਗਿਆ। ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਵਿਅਕਤੀ ਉਸ ਦੀ ਜ਼ਿੰਦਗੀ ਬਰਬਾਦ ਕਰ ਦੇਵੇਗਾ। ਗਲ਼ਤ ਨੰਬਰ 'ਤੇ ਗੱਲਬਾਤ ਤਾਂ ਹੋਈ, ਰਿਸ਼ਤਾ ਵੀ ਬਣਿਆ ਪਰ ਅਖੀਰ ਵਿੱਚ ਵਿਆਹ ਕਰਵਾਉਣ ਵੇਲੇ ਮੁੰਡਾ ਮੁਕਰ ਗਿਆ।
ਇਨਸਾਫ਼ ਦੀ ਮੰਗ
ਹੁਣ ਕੁੜੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤੇ ਉਹ ਚਾਹੁੰਦੀ ਹੈ ਕਿ ਗੁਰਬਾਜ ਸਿੰਘ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।