ਅੰਮ੍ਰਿਤਸਰ: ਬੀਤੀ ਦੇਰ ਰਾਤ ਦਿੱਲੀ ਅਮ੍ਰਿੰਤਸਰ ਮੁੱਖ ਮਾਰਗ ਉੱਤੇ ਜ਼ਿਲਾ ਕਪੂਰਥਲਾ ਦੇ ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਹਮੀਰਾ ਫਲਾਈਓਵਰ ਉੱਤੇ ਇੱਕ ਇਨੋਵਾ ਕਾਰ ਦੀ ਅਣਪਛਾਤੇ ਵਹੀਕਲ ਨਾਲ ਟੱਕਰ ਹੋ ਜਾਣ ਕਾਰਨ ਕਾਰ ਸਵਾਰ 4 ਨੌਜਵਾਨਾਂ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਪੁਲਿਸ ਨੇ ਦੱਸਿਆ ਮਾਮਲਾ: ਫੋਨ ਉੱਤੇ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆ ਥਾਣਾ ਸੁਭਾਨਪੁਰ ਦੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਢਾਈ ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਜਗਾ ਤੇ ਹਾਦਸਾ ਵਾਪਰਿਆ ਹੈ। ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਉੱਤੇ ਪੁੱਜੀ ਅਤੇ ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਇਕ ਇਨੋਵਾ ਕਾਰ ਪੀਬੀ 04 ਵੀ 7900 ਅੰਮ੍ਰਿਤਸਰ ਤਰਫੋਂ ਜਲੰਧਰ ਵੱਲ ਜਾ ਰਹੇ ਸੀ ਕਿ ਜਦ ਉਹ ਹਮੀਰਾ ਫਲਾਈਉਵਰ ਚੜੇ ਤਾਂ ਉਹਨਾ ਦੀ ਕਾਰ ਇਕ ਭਾਰੇ ਅਣਪਛਾਤੇ ਵਾਹਨ ਨਾਲ ਟਕਰਾ ਗਈ।
ਮ੍ਰਿਤਕਾਂ ਦੀ ਹੋਈ ਸ਼ਨਾਖ਼ਤ: ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਵਿੱਚ ਬੈਠੇ ਹਰਦੇਵ ਸਿੰਘ, ਹਰਜੀਤ ਸਿੰਘ ਵਾਸੀ ਬਿਆਸ, ਲਵਲੀ ਪੁੱਤਰ ਗੁਰਬਖਸ਼ ਸਿੰਘ ਵਾਸੀ ਜੰਡਿਆਲਾ ਗੁਰੂ ਅਤੇ ਜਤਿੰਦਰ ਕੁਮਾਰ ਵਾਸੀ ਬਿਆਸ ਜ਼ਿਲਾ ਅੰਮ੍ਰਿਤਸਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦਕਿ ਨਾਲ ਬੈਠਾ ਨੋਜਵਾਨ ਕਰਨ ਪੁੱਤਰ ਸਲੀਮ ਵਾਸੀ ਬਿਆਸ ਗੰਭੀਰ ਜ਼ਖ਼ਮੀ ਹੈ ਅਤੇ ਜਿਸ ਨੂੰ ਸੁਭਾਨਪੁਰ ਐਸਜੀਐਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਮ੍ਰਿਤਕ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਪੋਸਟਰਮਾਰਮ ਲਈ ਸਿਵਲ ਹਸਪਤਾਲ ਕਪੂਰਥਲਾ ਮੋਰਚਰੀ ਵਿੱਚ ਰਖਵਾਈਆਂ ਗਈਆਂ ਹਨ। ਉਕਤ ਦਰਦਨਾਕ ਖ਼ਬਰ ਪਤਾ ਚੱਲਣ ਉੱਤੇ ਬਿਆਸ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਪੂਰਬ, ਸੰਗਤ ਨੇ ਕੱਢਿਆ ਵਿਸ਼ਾਲ ਨਗਰ ਕੀਰਤਨ
ਮੁਲਜ਼ਮ ਮੌਕੇ ਉੱਤੇ ਫਰਾਰ: ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਕਾਰ ਦੇ ਪਰਖੱਚੇ ਉਡ ਗਏ। ਉਨ੍ਹਾਂ ਕਿਹਾ ਕਿ ਇਨੋਵਾ ਕਾਰ ਦੀ ਟੱਕਰ ਕਿਸੇ ਭਾਰੀ ਵਾਹਨ ਨਾਲ ਹੋਈ ਹੈ ਅਤੇ ਟੱਕਰ ਤੋਂ ਬਾਅਦ ਮੁਲਜ਼ਮ ਚਾਲਕ ਮੌਕੇ ਉੱਤੋਂ ਫਰਾਰ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਲਈ ਉਨ੍ਹਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਹਾਈਵੇਅ ਉੱਤੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।