ਰੂਪਨਗਰ : ਜ਼ਿਲ੍ਹੇ ਦੇ ਪਿੰਡ ਝੱਲੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਨ ਵਾਲੀਆਂ ਦੋ ਵਿਦਿਆਰਥਣਾਂ ਜੈਸਮੀਨ ਕੌਰ ਅਤੇ ਖੁਸ਼ੀ ਸੈਣੀ 14ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਵੱਲੋਂ ਖੇਡਣਗੀਆਂ। ਤੁਹਾਨੂੰ ਦੱਸ ਦਈਏ ਕਿ ਇਹ ਚੈਂਪੀਅਨਸ਼ਿਪ ਕਤਰ ਦੀ ਰਾਜਧਾਨੀ ਦੋਹਾ ਵਿਖੇ ਹੋਵੇਗੀ।
ਈਟੀਵੀ ਭਾਰਤ ਦੀ ਟੀਮ ਨੇ ਇਨ੍ਹਾਂ ਦੋਹਾਂ ਲੜਕੀਆਂ ਦੇ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਵਧਾਈਆਂ ਵੀ ਦਿੱਤੀਆਂ। ਜੈਸਮੀਨ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਉਸ ਦੀ ਚੋਣ ਹੋ ਜਾਵੇਗੀ, ਪਰ ਮੇਰੇ ਕੋਚ ਸਾਹਿਬਾਨਾਂ ਦੀ ਮਿਹਨਤ ਸਦਕਾ ਮੇਰੀ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚੋਣ ਹੋਈ ਹੈ ਅਤੇ ਇਹ ਮੇਰੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ।
ਜੈਸਮੀਨ ਨੇ ਦੱਸਿਆ ਕਿ ਉਹ ਬਚਪਨ ਵਿੱਚ ਬੰਟੇ ਖੇਡਦੀ ਹੁੰਦੀ ਸੀ ਤੇ ਉਸ ਦਾ ਬੰਟੇ ਖੇਡਣ ਵੇਲੇ ਨਿਸ਼ਾਨਾ ਬਹੁਤ ਪੱਕਾ ਹੁੰਦਾ ਸੀ ਜਿਸ ਤੋਂ ਬਾਅਦ ਉਹ ਨੂੰ ਲੱਗਿਆ ਕਿ ਮੈਂ ਸ਼ੂਟਿੰਗ ਨੂੰ ਬਹੁਤ ਚੰਗੀ ਤਰ੍ਹਾਂ ਖੇਡ ਸਕਦੀ ਹਾਂ। ਉਸ ਨੇ ਦੱਸਿਆ ਕਿ ਮੇਰੇ ਸਕੂਲ ਦੇ ਖੇਡ ਅਧਿਆਪਕ ਨੇ ਦੱਸਿਆ ਕਿ ਸਕੂਲ ਵਿੱਚ ਸ਼ੂਟਿੰਗ ਦੇ ਮੁਕਾਬਲੇ ਰੱਖੇ ਗਏ ਹਨ, ਜਿਸ ਵਿੱਚ ਮੈਂ ਵਧੀਆ ਨਿਸ਼ਾਨੇਬਾਜ਼ੀ ਕੀਤੀ ਅਤੇ ਹੁਣ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚੁਣੇ ਜਾਣ ਉੱਤੇ ਮੈਨੂੰ ਵਧੀਆ ਲੱਗ ਰਿਹਾ ਹੈ ਅਤੇ ਮੈਂ ਉਥੇ ਵਧੀਆ ਪ੍ਰਦਰਸ਼ਨ ਕਰ ਕੇ ਦੇਸ਼ ਦਾ ਨਾਂਅ ਰੋਸ਼ਨ ਕਰਾਂਗੀ।
ਖੁਸ਼ੀ ਸੈਣੀ ਨੇ ਵੀ ਇਸ ਗੱਲਬਾਤ ਦੌਰਾਨ ਦੱਸਿਆ ਕਿ ਇਸ ਤੋਂ ਪਹਿਲਾਂ ਮੈਂ ਹੋਰ ਕਈ ਖੇਡਾਂ ਵਿੱਚ ਵੀ ਹਿੱਸਾ ਲੈ ਚੁੱਕੀ ਹਾਂ ਪਰ ਉਨ੍ਹਾਂ ਖੇਡਾਂ ਵਿੱਚ ਮੈਨੂੰ ਕੋਈ ਉਪਲੱਬਧੀ ਨਹੀਂ ਮਿਲੀ ਫ਼ਿਰ ਮੈਂ ਆਪਣੀ ਸੀਨੀਅਰ ਖਿਡਾਰਨ ਜੈਸਮੀਨ ਨੂੰ ਵੇਖਿਆ ਕਿ ਉਹ ਸ਼ੂਟਿੰਗ ਦੇ ਵਿੱਚ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਤਮਗ਼ੇ ਵੀ ਲੈ ਕੇ ਆ ਰਹੀ ਹੈ ਅਤੇ ਮੈਂ ਉਸ ਨੂੰ ਦੇਖ ਕੇ ਸ਼ੂਟਿੰਗ ਵਾਲੀ ਖੇਡ ਨੂੰ ਚੁਣਿਆ। ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਨ੍ਹਾਂ ਲੜਕੀਆਂ ਨੂੰ ਟਵੀਟ ਉੱਤੇ ਵਧਾਈ ਵੀ ਦਿੱਤੀ ਹੈ।
ਇਹ ਵੀ ਪੜ੍ਹੋ : 24 ਸਾਲਾਂ ਬਾਅਦ ਕੰਗਾਰੂ ਧਰ ਸਕਦੇ ਹਨ ਪਾਕਿਸਤਾਨੀ ਧਰਤੀ ਉੱਤੇ ਪੈਰ