ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ੀ ਲਈ ਰਿੰਗ ਵਿੱਚ ਇਹ ਸਾਲ ਸਫ਼ਲਤਾਵਾਂ ਹਾਸਿਲ ਕਰਨ ਵਾਲਾ ਰਿਹਾ, ਜਿਸ ਵਿੱਚ ਅਮਿਤ ਪੰਘਾਲ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ।
ਇਸ ਦੇ ਨਾਲ ਹੀ ਡੋਪਿੰਗ ਮਾਮਲੇ ਵਿੱਚ ਮੁੱਕੇਬਾਜ਼ਾਂ ਦਾ ਨਾਂਅ ਆਉਣ ਨਾਲ ਇੱਕ ਵਾਰ ਫ਼ਿਰ ਸ਼ਰਮਸਾਰ ਹੋਣਾ ਪਿਆ ਤਾਂ ਉੱਥੇ ਓਲੰਪਿਕ ਕੁਆਲੀਫ਼ਿਕੇਸ਼ਨ ਲਈ ਟੀਮ ਦੀ ਚੋਣ ਵੀ ਵਿਵਾਦਾਂ ਵਿੱਚ ਰਹੀ।
ਸਾਕਾਰਾਤਮਕ ਪਹਿਲੂਆਂ ਦੀ ਗੱਲ ਕਰੀਏ ਤਾਂ 23 ਸਾਲ ਦੇ ਪੰਘਾਲ ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ, ਜਦ ਕਿ 6 ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕਾਮ ਵੀ ਲੈਅ ਵਿੱਚ ਰਹੀ। ਅੰਤਰਰਾਸ਼ਟਰੀ ਪੱਧਰ ਉੱਤੇ ਕਈ ਭਾਰਤੀ ਮੁੱਕੇਬਾਜ਼ਾਂ ਨੇ ਤਮਗ਼ੇ ਆਪਣੇ ਨਾਂਅ ਕੀਤੇ।
ਪੇਸ਼ੇਵਰ ਸਰਕਿਟ ਵਿੱਚ ਵਜਿੰਦਰ ਸਿੰਘ ਦਾ ਜੇਤੂ ਕ੍ਰਮ ਇਸ ਸਾਲ ਵੀ ਜਾਰੀ ਰਿਹਾ। ਓਲੰਪਿਕ ਕੁਆਲੀਫ਼ਿਕੇਸ਼ਨ ਲਈ ਚੁਣੀ ਗਈ ਟੀਮ ਵਿੱਚ ਮੈਰੀ ਕਾਮ ਵਿਵਾਦਾਂ ਵਿੱਚ ਰਹੀ, ਜਦਕਿ ਨੀਰਜ਼ ਫ਼ੋਗਾਟ (ਮਹਿਲਾ) ਅਤੇ ਸੁਮਿਤ ਸਾਂਗਵਾਨ (ਪੁਰਸ਼) ਦੇ ਡੋਪ ਵਿੱਚ ਅਸਫ਼ਲ ਹੋਣ ਨਾਲ ਭਾਰਤੀ ਮੁੱਕੇਬਾਜ਼ੀ ਨੂੰ ਝਟਕਾ ਲੱਗਿਆ।
ਯੂਰਪ ਦੇ ਸਭ ਤੋਂ ਪੁਰਾਣੇ ਅਤੇ ਮਸ਼ਹੂਰ ਸਟ੍ਰੈਂਦਜਾ ਮੈਮੋਰੀਅਲ ਵਿੱਚ ਪੰਘਾਲ ਨੇ 49 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨ ਤਮਗ਼ਾ ਜਿੱਤਿਆ। ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਕਹਤ ਜਰੀਨ ਅਤੇ ਮੀਨਾ ਕੁਮਾਰੀ ਵੀ ਇਸ ਟੂਰਨਾਮੈਂਟ ਵਿੱਚ ਚੋਟੀ ਉੱਤੇ ਰਹੀ। ਨਿਕਹਤ ਦੇ ਓਲੰਪਿਕ ਕੁਆਲੀਫ਼ਿਕੇਸ਼ਨ ਲਈ ਮੈਰੀ ਕਾਮ ਨਾਲ ਟ੍ਰਾਇਲ ਕਰਨ ਦੀ ਮੰਗ ਸੁਰੱਖੀਆਂ ਵਿੱਚ ਰਹੀ।
ਪੰਘਾਲ ਨੇ ਇਸ ਤੋਂ ਬਾਅਦ ਓਲੰਪਿਕ ਦੇ ਸੁਪਨੇ ਨੂੰ ਪੂਰਾ ਕਰਨ ਲਈ ਮਾਰਚ ਵਿੱਚ 52 ਕਿਲੋਗ੍ਰਾਮ ਵਾਰ ਵਰਗ ਵਿੱਚ ਖੇਡਣ ਦਾ ਫ਼ੈਸਲਾ ਲਿਆ। ਉਹ ਹਾਲਾਂਕਿ ਸ਼ੁਰੂ ਵਿੱਚ ਥੋੜੇ ਨਰਵਸ ਸਨ, ਪਰ ਨਤੀਜਿਆਂ ਉੱਤੇ ਇਸ ਦਾ ਅਸਰ ਨਹੀਂ ਦਿਖਿਆ। ਉਨ੍ਹਾਂ ਨੇ ਅਪ੍ਰੈਲ ਵਿੱਚ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ਾ ਜਿੱਤ ਕੇ ਆਪਣੀ ਉੱਤਮਤਾ ਨੂੰ ਸਾਬਿਤ ਕੀਤਾ।
ਪੂਜਾ ਰਾਣੀ ਨੇ ਵੀ ਸਟ੍ਰੈਂਦਜ਼ਾ ਮੈਮੋਰੀਅਲ ਵਿੱਚ ਸੋਨ ਤਮਗ਼ਾ ਜਿੱਤ ਕੇ ਆਪਣੀ ਪਹਿਚਾਣ ਬਣਾਈ। ਇਸ ਤੋਂ ਬਾਅਦ ਸਤੰਬਰ-ਅਕਤੂਬਰ ਵਿੱਚ ਵਿਸ਼ਵ ਚੈਂਪੀਅਨਸ਼ਿਪ ਤੋਂ ਓਲੰਪਿਕ ਕੁਆਲੀਫ਼ਿਕੇਸ਼ਨ ਦਾ ਦਰਜ਼ਾ ਖੋਹ ਲਿਆ। ਟੂਰਨਾਮੈਂਟ ਲਈ ਭਾਰਤੀ ਮਹਿਲਾ ਟੀਮ ਦੀ ਚੋਣ ਨੂੰ ਲੈ ਕੇ ਵਿਵਾਦ ਹੋਇਆ ਕਿਉਂਕਿ ਨਿਕਹਤ ਨੇ ਇਸ ਦੇ ਲਈ ਟ੍ਰਾਇਲ ਦੀ ਮੰਗ ਕੀਤੀ।
ਹਾਲਾਂਕਿ ਇਸ ਟ੍ਰਾਇਲ ਦਾ ਜ਼ਿਆਦਾ ਅਸਰ ਨਹੀਂ ਪਿਆ ਕਿਉਂਕਿ ਇੰਡੀਆ ਓਪਨ ਅਤੇ ਇੰਡੋਨੇਸ਼ੀਆ ਵਿੱਚ ਹੋਏ ਟੂਰਨਾਮੈਂਟ ਅਤੇ ਰਾਸ਼ਟਰੀ ਕੈਂਪਾਂ ਵਿੱ ਪ੍ਰਦਰਸ਼ਨ ਦੇ ਆਧਾਰ ਉੱਤੇ ਮੈਰੀ ਕਾਮ ਦੀ ਚੋਣ ਹੋਈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਵਰਗ ਵਿੱਚ ਪੰਘਾਲ ਨੇ ਫ਼ਾਇਨਲ ਵਿੱਚ ਪਹੁੰਚ ਕੇ ਇਤਿਹਾਸ ਬਣਾਇਾ, ਜਦਕਿ ਮਨੀਸ਼ ਕੌਸ਼ਿਕ (63 ਕਿ.ਗ੍ਰਾ) ਨੇ ਤਾਂਬੇ ਦਾ ਤਮਗ਼ਾ ਹਾਸਲ ਕੀਤਾ।
ਇਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਸਰਵਸ਼੍ਰੇਠ ਪ੍ਰਦਰਸ਼ਨ ਵੀ ਰਿਹਾ। ਇਸ ਚਾਂਦੀ ਦੇ ਤਮਗ਼ੇ ਨੇ ਪੰਘਾਲ ਨੂੰ ਚੋਟੀ ਦੇ ਭਾਰਤੀ ਮੁੱਕੇਬਾਜ਼ਾਂ ਵਿੱਚ ਸ਼ਾਮਲ ਕਰ ਦਿੱਤਾ। ਮੰਜੂ ਰਾਣੀ (ਮਹਿਲਾ 48 ਕਿ.ਗ੍ਰਾ) ਨੂੰ ਖ਼ੁਦ ਦੀ ਪਹਿਚਾਣ ਬਣਾਉਣ ਦੀ ਲਲਕ ਨੇ ਮੁੱਕੇਬਾਜ਼ੀ ਦਸਤਾਨੇ ਪਹਿਨਣ ਨੂੰ ਪ੍ਰੇਰਿਤ ਕੀਤਾ ਅਤੇ ਰਿੰਗ ਵਿੱਚ ਉਤਰਣ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਭਾਰਤੀ ਮੁੱਕੇਬਾਜ਼ੀ ਸੰਘ ਨੇ ਓਲੰਪਿਕ ਕੁਆਲੀਫ਼ਿਕੇਸ਼ਨ ਲਈ ਸਿਰਫ਼ ਸੋਨੇ ਅਤੇ ਚਾਂਦੀ ਦਾ ਤਮਗ਼ਾ ਜੇਤੂ ਦੀ ਹੀ ਸਿੱਧੇ ਚੋਣ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਾਂਬੇ ਦਾ ਤਮਗ਼ਾ ਜਿੱਤਣ ਵਾਲੀ ਮੈਰੀ ਕਾਮ ਨੂੰ ਭੇਜਣ ਦਾ ਫ਼ੈਸਲਾ ਕੀਤਾ ਜਿਸ ਦਾ ਨਿਕਹਤ ਨੇ ਵਿਰੋਧ ਕੀਤਾ। ਨਿਕਹਤ ਨੇ ਇਸ ਦਾ ਵਿਰੋਧ ਕਰਦੇ ਹੋਏ ਟ੍ਰਾਇਲ ਦੀ ਮੰਗ ਕੀਤੀ।
ਉਨ੍ਹਾਂ ਨੇ ਇਸ ਦੇ ਲਈ ਖੇਡ ਮੰਤਰੀ ਕਿਰਣ ਰਿਜਿਜੂ ਨੂੰ ਚਿੱਠੀ ਵੀ ਲਿਖੀ। ਟ੍ਰਾਇਲਾਂ ਵਿੱਚ ਹਾਲਾਂ ਕਿ ਮੈਰੀ ਕਾਮ ਨੇ ਨਿਕਹਤ ਨੂੰ ਹਰਾ ਦਿੱਤਾ ਅਤੇ 36 ਸਾਲ ਦੀ ਉਮਰ ਵਿੱਚ ਵੀ ਆਪਣੀ ਕਾਬਲਿਅਤ ਸਾਬਤ ਕੀਤੀ। ਟ੍ਰਾਇਲਾਂ ਤੋਂ ਬਾਅਦ ਓਲੰਪਿਕ ਕੁਆਲੀਫ਼ਿਕੇਸ਼ਨ ਲਈ ਚੁਣੀ ਗਈ ਭਾਰਤੀ ਟੀਮ ਵਿੱਚ ਐੱਮਸੀ ਮੈਰੀ ਕਾਮ (51 ਕਿ.ਗ੍ਰਾ), ਸਿਮਰਨਜੀਤ ਕੌਰ (60 ਕਿ.ਗ੍ਰਾ), ਲਵਲੀਨਾ ਬੋਰਗੋਹੇਨ (69 ਕਿ.ਗ੍ਰਾ) ਅਤੇ ਪੂਜਾ ਰਾਣੀ (75 ਕਿ.ਗ੍ਰਾ) ਨੂੰ ਥਾਂ ਮਿਲੀ।