ਹਾਂਗਜ਼ੂ: ਏਸ਼ੀਆਈ ਖੇਡਾਂ 2023 ਦੇ ਚੌਥੇ ਦਿਨ ਭਾਰਤੀ ਮਹਿਲਾ ਖਿਡਾਰਣਾਂ ਦਾ ਸਿੱਕਾ ਜੰਮ ਕੇ ਚੱਲ ਰਿਹਾ ਹੈ। ਮਹਿਲਾ ਖਿਡਾਰਣਾਂ ਲਗਾਤਾਰ ਆਪਣੇ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਹੁਣ ਭਾਰਤੀ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਬੁੱਧਵਾਰ ਨੂੰ ਚੀਨ ਦੇ ਹਾਂਗਜ਼ੂ 'ਚ ਏਸ਼ੀਆਈ ਖੇਡਾਂ 2023 'ਚ ਮਹਿਲਾ 25 ਮੀਟਰ ਪਿਸਟਲ ਫਾਈਨਲ 'ਚ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਈਸ਼ਾ ਸਿੰਘ ਦੇ ਤਗ਼ਮਾ ਜਿੱਤਣ ਤੋਂ ਬਾਅਦ 2023 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇਹ ਛੇਵਾਂ ਚਾਂਦੀ ਦਾ ਤਗ਼ਮਾ ਅਤੇ ਨਿਸ਼ਾਨੇਬਾਜ਼ੀ (Indian shooter Isha Singh) ਵਿੱਚ ਕੁੱਲ ਮਿਲਾ ਕੇ 11ਵਾਂ ਤਗ਼ਮਾ ਬਣ ਗਿਆ ਹੈ। ਨਿਸ਼ਾਨੇਬਾਜ਼ ਈਸ਼ਾ ਨੇ ਕੁੱਲ 34 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।
ਈਸ਼ਾ ਨੇ ਵਧਾਇਆ ਮਾਣ: ਈਸ਼ਾ 4 ਦੇ ਸਕੋਰ ਨਾਲ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਈ ਅਤੇ ਉਸ ਨੂੰ 34 ਦੇ ਸਕੋਰ ਨਾਲ ਚਾਂਦੀ ਨਾਲ ਸਬਰ ਕਰਨਾ ਪਿਆ। ਜਦਕਿ, ਚੀਨ ਦੇ ਖਿਡਾਰੀ ਲਿਊ ਰੁਈ ਨੇ 38 ਅੰਕਾਂ ਦੇ ਨਾਲ ਸੋਨ ਤਗ਼ਮਾ ਜਿੱਤਿਆ। ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ 21 ਦੇ ਸਕੋਰ ਨਾਲ ਮੁਕਾਬਲੇ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਅੱਜ ਈਸ਼ਾ ਸਿੰਘ ਨੇ ਮਨੂ ਭਾਕਰ ਅਤੇ ਰਿਦਮ ਸਾਂਗਵਾਨ ਨਾਲ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ (Pistol In Asian Games) ਜਿੱਤਿਆ ਸੀ।
ਭਾਰਤ ਵਲੋਂ ਤਗ਼ਮੇ ਜਿੱਤਣ ਦਾ ਸਿਲਸਿਲਾ: ਏਸ਼ੀਆਈ ਖੇਡਾਂ ਵਿੱਚ ਹੁਣ ਤੱਕ ਭਾਰਤ ਨੇ ਕੁੱਲ 5 ਸੋਨ ਤਗ਼ਮੇ ਜਿੱਤੇ ਹਨ। ਭਾਰਤ ਨੂੰ ਪਹਿਲਾ ਸੋਨ ਤਗ਼ਮਾ 10 ਮੀਟਰ ਸ਼ੂਟਿੰਗ ਮੁਕਾਬਲੇ 'ਚ ਮਿਲਿਆ, ਜਿਸ ਤੋਂ ਬਾਅਦ ਭਾਰਤ ਨੇ ਮਹਿਲਾ ਕ੍ਰਿਕਟ ਮੁਕਾਬਲੇ 'ਚ ਦੂਜਾ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਮੰਗਲਵਾਰ ਨੂੰ ਘੋੜ ਸਵਾਰੀ ਮੁਕਾਬਲੇ ਵਿੱਚ ਤੀਜਾ ਸੋਨ ਤਗ਼ਮਾ ਜਿੱਤਿਆ, ਅੱਜ ਭਾਰਤ ਨੇ ਦੋ ਸੋਨ ਤਗ਼ਮੇ ਜਿੱਤੇ ਹਨ। ਅੱਜ ਦਾ ਪਹਿਲਾ ਅਤੇ ਓਵਰਆਲ ਚੌਥਾ ਸੋਨ ਤਗ਼ਮਾ ਭਾਰਤ ਨੇ 25 ਮੀਟਰ ਪਿਸਟਲ ਈਵੈਂਟ ਵਿੱਚ (Isha Singh Won Silver Medal) ਜਿੱਤਿਆ ਹੈ, ਪੰਜਵਾਂ ਸੋਨ ਤਗ਼ਮਾ ਅੱਜ 50 ਮੀਟਰ ਰਾਈਫਲ 3ਪੀ ਸ਼ੂਟਿੰਗ ਵਿੱਚ ਜਿੱਤਿਆ ਹੈ। ਹੁਣ ਤੱਕ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਕੁੱਲ 5 ਸੋਨ ਤਗ਼ਮਿਆਂ ਦੇ ਨਾਲ 25 ਤਗ਼ਮੇ ਜਿੱਤੇ ਹਨ। ਭਾਰਤੀ ਖਿਡਾਰੀਆਂ ਦਾ ਗੋਲਡ ਜਿੱਤਣ ਦਾ ਸਿਲਸਿਲਾ ਜਾਰੀ ਹੈ।