ਲੁਧਿਆਣਾ: ਖੇਡਾਂ ਦੇ ਖੇਤਰ 'ਚ ਜਿੱਥੇ ਦੇਸ਼ ਭਰ ਦੀਆਂ ਧੀਆਂ ਨੇ ਵਧੀਆ ਪ੍ਰਦਰਸ਼ਨ ਕਰ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਉੱਥੇ ਹੀ ਪੰਜਾਬ ਦੀਆਂ ਕੁੜੀਆਂ ਨੇ ਵੀ ਖੇਡਾਂ ਦੇ ਖੇਤਰ 'ਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ। 10 ਜੂਲਾਈ ਨੂੰ ਸਮੋਆ 'ਚ ਹੋਈ ਕਾਮਨਵੈਲਥ ਵੇਟ ਲਿਫਟਿੰਗ ਚੈਂਪੀਅਨਸ਼ਿਪ 'ਚ ਦਵਿੰਦਰ ਕੌਰ ਨੇ 184 ਕਿੱਲੋ ਭਾਰ ਚੁੱਕ ਸੋਨ ਤਮਗਾ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ ਦਵਿੰਦਰ ਕੌਰ ਸੀਆਰਪੀਐੱਫ 'ਚ ਤੈਨਾਤ ਹੈ ਅਤੇ ਛੁੱਟੀਆਂ ਕੱਟਣ ਆਪਣੇ ਪਿੰਡ ਆਈ ਹੋਈ ਹੈ।
ਲੁਧਿਆਣਾ ਦੇ ਪਿੰਡ ਅਬੂਵਾਲ 'ਚ ਰਹਿਣ ਵਾਲੀ ਦਵਿੰਦਰ ਮਹਿਜ਼ ਇੱਕ ਕੌਮਾਂਤਰੀ ਪੱਧਰ 'ਤੇ ਖਿਡਾਰੀ ਹੀ ਨਹੀਂ ਬਲਕਿ ਇੱਕ ਨੂੰਹ ਅਤੇ ਪਤਨੀ ਦਾ ਫਰਜ਼ ਵੀ ਨਿਭਾ ਰਹੀ ਹੈ। ਦਵਿੰਦਰ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਹਿਲੀ ਵਾਰ ਕਿਸੇ ਕੌਮਾਂਤਰੀ ਮੁਕਾਬਲੇ ਵਿੱਚ ਭਾਗ ਲੈਣ ਗਈ ਸੀ ਅਤੇ ਉੱਥੇ ਉਸ ਨੇ ਸੋਨ ਤਗਮਾ ਹਾਸਿਲ ਕੀਤਾ ਹੈ।
ਦੱਸਣਯੋਗ ਹੈ ਕਿ ਦਵਿੰਦਰ ਕੌਰ ਮੋਰਿੰਡਾ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਸਹੁਰਾ ਪਰਿਵਾਰ ਲੁਧਿਆਣਾ ਦੇ ਰਾਏਕੋਟ ਦੇ ਪਿੰਡ ਅਬੂਵਾਲ ਦਾ ਰਹਿਣ ਵਾਲਾ ਹੈ। ਦਿੱਲੀ 'ਚ ਸੀਆਰਪੀਐੱਫ 'ਚ ਤਾਇਨਾਤ ਦਵਿੰਦਰ ਨੇ ਵੇਟ ਲਿਫ਼ਟਿੰਗ ਦੀ ਪ੍ਰੈਕਟਿਸ ਦਿੱਲੀ 'ਚ ਹੀ ਕੀਤੀ ਹੈ ਅਤੇ 6 ਘੰਟੇ ਦਿਨ ਦੇ ਵਿੱਚ ਉਹ ਪ੍ਰੈਕਟਿਸ ਕਰਦੀ ਸੀ। ਉਸ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ 'ਚ ਉਸ ਦੇ ਘਰਦਿਆਂ ਦਾ ਬਹੁਤ ਵੱਡਾ ਹੱਥ ਹੈ।
ਦਵਿੰਦਰ ਕੌਰ ਨੇ ਮੀਡੀਆ ਰਾਹੀਂ ਸਰਕਾਰ ਤਕ ਗੱਲ ਪਹੁੰਚਾਦਿਆਂ ਕਿਹਾ ਕਿ ਸਰਕਾਰ ਨੂੰ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਖੇਡ ਨਿਤੀ 'ਚੋਂ ਬਣਦਾ ਸਨਮਾਨ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਮਨਜੀਤ ਕੌਰ ਨੇ ਆਰਚਰੀ 'ਚ ਸੋਨ ਤਮਗਾ ਜਿੱਤ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ, ਉੱਥੇ ਹੀ ਦਵਿੰਦਰ ਕੌਰ ਨੇ ਵੀ ਵੇਟ ਲਿਫਟਿੰਗ ਚ ਵਧੀਆ ਪ੍ਰਦਰਸ਼ਨ ਕਰ ਪੰਜਾਬ ਦੇ ਨਾਲ-ਨਾਲ ਆਪਣੇ ਘਰਦਿਆਂ ਦਾ ਨਾਂਅ ਵੀ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ- 550ਵਾਂ ਪ੍ਰਕਾਸ਼ ਪੁਰਬ: ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਪਹੁੰਚਿਆ