ਬੈਂਗਲੁਰੂ: ਭਾਰਤੀ ਪੁਰਸ਼ ਹਾਕੀ ਟੀਮ ਦੇ ਸਟ੍ਰਾਇਕਰ ਮਨਦੀਪ ਸਿੰਘ ਨੇ ਕਿਹਾ ਕਿ ਟੀਮ ਟੋਕਿਓ ਓਲੰਪਿਕ ਦੇ ਮੁਲਤਵੀ ਹੋਣ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਚੁੱਕੀ ਹੈ ਅਤੇ ਹੁਣ ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਊਨ ਦੇ ਵਿਚਕਾਰ ਆਪਣੀ ਫ਼ਿੱਟਨੈਸ ਅਤੇ ਸਮਰੱਥਾ ਨੂੰ ਬਣਾਏ ਰੱਖਣ ਉੱਤੇ ਧਿਆਨ ਦੇ ਰਹੀ ਹੈ।

ਕੋਰੋਨਾ ਵਾਇਰਸ ਦੇ ਕਾਰਨ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਅਤੇ ਖੇਡਾਂ ਦੀ ਪ੍ਰਬੰਧਕ ਕਮੇਟੀ ਨੇ ਓਲੰਪਿਕ ਖੇਡਾਂ ਨੂੰ 1 ਸਾਲ ਦੇ ਲਈ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ।
ਮਨਦੀਪ ਨੇ ਮੀਡਿਆ ਨੂੰ ਕਿਹਾ ਕਿ ਸ਼ੁਰੂਆਤ ਵਿੱਚ ਉਹ ਨਿਰਾਸ਼ ਸਨ, ਪਰ ਇਸ ਸਮੇਂ ਪੂਰੀ ਦੁਨੀਆ ਕੋਰੋਨਾ ਨਾਲ ਜੂਝ ਰਹੀ ਹੈ। ਅਸੀਂ ਸਮਝਦੇ ਹਾਂ ਕਿ ਇਹ ਫ਼ੈਸਲਾ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ੁਰੂਆਤੀ ਨਿਰਾਸ਼ਾ ਤੋਂ ਬਾਹਰ ਆ ਗਏ ਹਾਂ ਅਤੇ ਹੁਣ ਇਸ ਲੌਕਡਾਊਨ ਵਿੱਚ ਆਪਣੀ ਫ਼ਿੱਟਨੈਸ ਦੇ ਪੱਧਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਰਤ ਦੀ ਮਹਿਲਾ ਅਤੇ ਪੁਰਸ਼ ਦੋਨਾਂ ਹਾਕੀ ਟੀਮਾਂ ਵਿੱਚ ਇਸ ਸਮੇਂ ਸਾਈ ਦੇ ਬੈਂਗਲੁਰੂ ਸਥਿਤ ਕੇਂਦਰ ਵਿੱਚ ਹਨ।
ਸਟ੍ਰਾਇਕਰ ਨੇ ਕਿਹਾ ਕਿ ਅਸੀਂ ਕਿਸਮਤ ਵਾਲੇ ਹਾਂ ਕਿ ਪੂਰਾ ਕੋਰ ਗਰੁੱਪ ਇਥੇ ਸਾਈ ਵਿੱਚ ਹੈ। ਸਾਡਾ ਕੋਚਿੰਗ ਸਟਾਫ਼ ਵੀ ਇਥੇ ਹੈ। ਅਸੀਂ ਹਾਕੀ ਦੀ ਟ੍ਰੇਨਿੰਗ ਨਹੀਂ ਕਰ ਰਹੇ ਹਾਂ, ਪਰ ਸਾਨੂੰ ਖ਼ਾਸ ਪ੍ਰੋਗਰਾਮ ਦਿੱਤਾ ਗਿਆ ਹੈ, ਜਿਸ ਦਾ ਅਸੀਂ ਪਾਲਣ ਕਰ ਰਹੇ ਹਾਂ।
ਉਨ੍ਹਾਂ ਨੇ ਕਿਹਾ ਕਿ ਇਹ ਅਜਿਹੀ ਚੀਜ਼ ਹੈ ਜਿਸ ਵਿੱਚੋਂ ਪੂਰੀ ਦੁਨੀਆ ਦੇ ਖਿਡਾਰੀਆਂ ਨੂੰ ਗੁਜ਼ਰਣਾ ਪੈ ਰਿਹਾ ਹੈ। ਮੈਂ ਤਾਂ ਸੋਚਦਾ ਹਾਂ ਕਿ ਅਸੀਂ ਤਾਂ ਬਾਕੀ ਟੀਮਾਂ ਦੇ ਮੁਕਾਬਲੇ ਵਧੀਆ ਸਥਿਤੀ ਵਿੱਚ ਹਾਂ। ਇੱਕ ਵਾਰ ਜਦ ਲੌਕਡਾਊਨ ਖ਼ਤਮ ਹੋ ਜਾਵੇ ਤਾਂ ਅਸੀਂ ਤੁਰੰਤ ਟ੍ਰੇਨਿੰਗ ਸ਼ੁਰੂ ਕਰ ਸਕਦੇ ਹਾਂ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਸਿਹਤ ਅਤੇ ਫਿੱਟ ਰਹਿਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਮਨਦੀਪ ਨੇ ਕਿਹਾ ਕਿ ਇਸ ਲੌਕਡਾਊਨ ਦਾ ਉਨ੍ਹਾਂ ਦੀ ਟੀਮ ਦੇ ਓਲੰਪਿਕ ਤਮਗ਼ਾ ਜਿੱਤਣ ਦੇ ਟੀਚੇ ਉੱਤੇ ਅਸਰ ਨਹੀਂ ਪਾਵੇਗਾ।
25 ਸਾਲ ਦੇ ਇਸ ਖਿਡਾਰੀ ਨੇ ਨਾਲ ਹੀ ਦੇਸ਼ ਦੇ ਲੋਕਾਂ ਤੋਂ ਕੋਵਿਡ-19 ਨਾਲ ਇਕੱਠੇ ਮਿਲ ਕੇ ਲੜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕ੍ਰਿਪਾ ਕਰ ਕੇ ਸਰਕਾਰੀ ਹਦਾਇਤਾਂ ਦਾ ਪਾਲਣ ਕਰੋ। ਘਰਾਂ ਵਿੱਚ ਰਹੋ ਅਤੇ ਸੁਰੱਖਿਅਤ ਰਹੋ।