ਹੈਦਰਾਬਾਦ: ਆਈਪੀਐਲ 2022 ਦੇ ਆਪਣੇ ਆਖਰੀ ਲੀਗ ਮੈਚ ਵਿੱਚ ਗੁਜਰਾਤ ਨੂੰ ਹਰਾ ਕੇ ਆਰਸੀਬੀ ਨੇ ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਹੁਣ ਬੈਂਗਲੁਰੂ ਦੀ ਕਿਸਮਤ ਮੁੰਬਈ ਦੇ ਹੱਥਾਂ ਵਿੱਚ ਹੈ। ਜੇਕਰ ਮੁੰਬਈ ਇੰਡੀਅਨਜ਼ ਦਿੱਲੀ ਨੂੰ ਹਰਾਉਂਦੀ ਹੈ ਤਾਂ ਆਰਸੀਬੀ ਪਲੇਆਫ ਵਿੱਚ ਥਾਂ ਬਣਾ ਲਵੇਗੀ। ਦਿੱਲੀ ਦੀ ਜਿੱਤ ਨਾਲ ਆਰਸੀਬੀ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਜਾਣਗੀਆਂ। ਗੁਜਰਾਤ ਅਤੇ ਲਖਨਊ ਪਲੇਆਫ ਵਿੱਚ ਪਹੁੰਚ ਚੁੱਕੇ ਹਨ ਅਤੇ ਰਾਜਸਥਾਨ ਦਾ ਵੀ ਪਲੇਆਫ ਵਿੱਚ ਪਹੁੰਚਣਾ ਲਗਭਗ ਤੈਅ ਹੈ।
ਦੱਸ ਦੇਈਏ ਕਿ 14 ਮੈਚਾਂ 'ਚ 10 ਜਿੱਤਾਂ ਹਾਸਲ ਕਰਨ ਵਾਲੀ ਗੁਜਰਾਤ ਦੀ ਟੀਮ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਬਰਕਰਾਰ ਹੈ। ਗੁਜਰਾਤ ਦੇ 20 ਅੰਕ ਹਨ ਅਤੇ ਇਹ ਟੀਮ ਪਹਿਲਾ ਕੁਆਲੀਫਾਇਰ ਖੇਡਣ ਲਈ ਤਿਆਰ ਹੈ। 18 ਅੰਕਾਂ ਦੇ ਨਾਲ ਲਖਨਊ ਦੀ ਟੀਮ ਵੀ ਪਲੇਆਫ 'ਚ ਪਹੁੰਚ ਗਈ ਹੈ ਪਰ ਉਸ ਦਾ ਸਥਾਨ ਅਜੇ ਪੱਕਾ ਨਹੀਂ ਹੋਇਆ ਹੈ। ਲਖਨਊ ਲਈ ਕੁਆਲੀਫਾਇਰ ਜਾਂ ਐਲੀਮੀਨੇਟਰ ਖੇਡਣਾ ਰਾਜਸਥਾਨ ਦੇ ਮੈਚ ਦੇ ਨਤੀਜੇ 'ਤੇ ਨਿਰਭਰ ਕਰਦਾ ਹੈ। ਰਾਜਸਥਾਨ ਦੀ ਟੀਮ 13 ਵਿੱਚੋਂ ਅੱਠ ਜਿੱਤਾਂ ਨਾਲ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ। ਰਾਜਸਥਾਨ ਦੇ 16 ਅੰਕ ਹਨ। ਪਹਿਲਾ ਕੁਆਲੀਫਾਇਰ ਮੈਚ ਖੇਡਣ ਲਈ ਰਾਜਸਥਾਨ ਨੂੰ ਆਖਰੀ ਮੈਚ ਜਿੱਤਣਾ ਹੋਵੇਗਾ।
ਆਰਸੀਬੀ ਦੀ ਟੀਮ 16 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਪਲੇਆਫ ਵਿੱਚ ਆਰਸੀਬੀ ਦੀ ਪਹੁੰਚ ਦਿੱਲੀ ਅਤੇ ਮੁੰਬਈ ਦੇ ਮੈਚ ਦੇ ਨਤੀਜੇ ਉੱਤੇ ਨਿਰਭਰ ਕਰਦੀ ਹੈ। ਜੇਕਰ ਦਿੱਲੀ ਜਿੱਤ ਜਾਂਦੀ ਹੈ ਤਾਂ ਆਰਸੀਬੀ ਪਲੇਆਫ ਤੋਂ ਬਾਹਰ ਹੋ ਜਾਵੇਗੀ। ਇਸ ਦੇ ਨਾਲ ਹੀ ਜੇਕਰ ਦਿੱਲੀ ਹਾਰ ਜਾਂਦੀ ਹੈ ਤਾਂ ਇਹ ਟੀਮ ਚੌਥੇ ਨੰਬਰ 'ਤੇ ਐਲੀਮੀਨੇਟਰ ਖੇਡੇਗੀ। ਦਿੱਲੀ ਦੀ ਟੀਮ 13 ਮੈਚਾਂ 'ਚ ਸੱਤ ਜਿੱਤਾਂ ਨਾਲ ਚੌਥੇ ਸਥਾਨ 'ਤੇ ਹੈ।
ਦਿੱਲੀ ਦੇ 14 ਅੰਕ ਹਨ, ਆਖਰੀ ਮੈਚ ਜਿੱਤ ਕੇ ਦਿੱਲੀ ਪਲੇਆਫ 'ਚ ਪਹੁੰਚ ਸਕਦੀ ਹੈ। ਕੋਲਕਾਤਾ 14 ਮੈਚਾਂ 'ਚ 12 ਅੰਕਾਂ ਨਾਲ ਛੇਵੇਂ ਸਥਾਨ 'ਤੇ ਹੈ ਪਰ ਇਹ ਟੀਮ ਪਲੇਆਫ ਦੀ ਦੌੜ ਤੋਂ ਬਾਹਰ ਹੈ। ਸੱਤਵੇਂ ਸਥਾਨ 'ਤੇ ਕਾਬਜ਼ ਪੰਜਾਬ ਅਤੇ ਅੱਠਵੇਂ ਸਥਾਨ 'ਤੇ ਹੈਦਰਾਬਾਦ ਦੇ 13 ਮੈਚਾਂ 'ਚ 12 ਅੰਕ ਹਨ। ਇਹ ਦੋਵੇਂ ਟੀਮਾਂ ਪਲੇਆਫ ਦੀ ਦੌੜ ਵਿੱਚ ਵੀ ਨਹੀਂ ਹਨ। ਚੇਨਈ ਅਤੇ ਮੁੰਬਈ ਪਹਿਲਾਂ ਹੀ ਪਲੇਆਫ ਤੋਂ ਬਾਹਰ ਹੋ ਚੁੱਕੇ ਹਨ। ਚੇਨਈ ਦੇ 13 ਮੈਚਾਂ ਵਿੱਚ ਅੱਠ ਅਤੇ ਮੁੰਬਈ ਦੇ 13 ਮੈਚਾਂ ਵਿੱਚ ਛੇ ਅੰਕ ਹਨ।
ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ (ਔਰੇਂਜ ਕੈਪ) : ਰਾਜਸਥਾਨ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਆਰੇਂਜ ਕੈਪ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਉਸ ਨੇ 13 ਮੈਚਾਂ 'ਚ 627 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਲਖਨਊ ਦੇ ਕਪਤਾਨ ਕੇਐਲ ਰਾਹੁਲ ਦੂਜੇ ਅਤੇ ਕਵਿੰਟਨ ਡੀ ਕਾਕ ਤੀਜੇ ਨੰਬਰ 'ਤੇ ਹਨ।
ਸਭ ਤੋਂ ਵੱਧ ਵਿਕਟ ਲੈਣ ਵਾਲਾ (ਪਰਪਲ ਕੈਪ) : ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਵਨਿੰਦੂ ਹਸਾਰੰਗਾ ਨੇ ਯੁਜਵੇਂਦਰ ਚਾਹਲ ਦੀ ਬਰਾਬਰੀ ਕਰ ਲਈ ਹੈ। ਚਾਹਲ ਨੇ 13 ਮੈਚਾਂ 'ਚ 24 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਹਸਰੰਗਾ ਦੇ ਨਾਂ 14 ਮੈਚਾਂ 'ਚ 24 ਵਿਕਟਾਂ ਹਨ।
ਇਹ ਵੀ ਪੜ੍ਹੋ : ਜਕਾਰਤਾ 'ਚ ਏਸ਼ੀਆ ਕੱਪ ਲਈ ਰਵਾਨਾ ਹੋਈ ਭਾਰਤੀ ਹਾਕੀ ਟੀਮ