ਦੁਬਈ : ਭਾਰਤ ਦੀ 16 ਸਾਲਾ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਆਈਸੀਸੀ ਮਹਿਲਾ ਟੀ-20 ਦੀ ਬੱਲੇਬਾਜ਼ੀ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕਰਨ ਦੇ ਲਈ 19 ਪੜਾਆਂ ਦੀ ਛਾਲ ਮਾਰੀ ਹੈ।
ਵਰਮਾ ਨੇ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ ਨੂੰ ਪਿੱਛੇ ਛੱਡਦੇ ਹੋਏ, ਚੋਟੀ ਉੱਤੇ ਥਾਂ ਬਣਾਈ ਹੈ, ਸੂਜ਼ੀ ਬੇਟਸ ਜਿਸ ਨੇ ਵੈਸਟ ਇੰਡੀਜ਼ ਦੀ ਕਪਤਾਨ ਸਟੈਫ਼ਨੀ ਟੇਲਰ ਨੂੰ ਅਕਤੂਬਰ 2018 ਵਿੱਚ ਪਿੱਛੇ ਕੱਢਿਆ ਸੀ।
ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਸਿਰਫ਼ 18 ਟੀ-20 ਮੈਚ ਖੇਡੇ ਜਾਣ ਤੋਂ ਬਾਅਦ ਸ਼ੈਫਾਲੀ ਮੌਜੂਦਾ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਯਾਦਗਾਰੀ ਪ੍ਰਦਰਸ਼ਨ ਦੇ ਦਮ ਉੱਤੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਚੋਟੀ ਉੱਤੇ ਪਹੁੰਚਣ ਵਿੱਚ ਸਫ਼ਲ ਰਹੀ ਹੈ।

ਇਸ ਨੌਜਵਾਨ ਖਿਡਾਰਣ ਨੇ 146.96 ਦੀ ਦਰ ਨਾਲ ਖੇਡ ਦੇ ਸਭ ਤੋਂ ਛੋਟੇ ਰੂਪ ਵਿੱਚ 485 ਦੌੜਾਂ ਬਣਾਈਆਂ ਹਨ। ਉਸ ਨੇ ਸ਼੍ਰੀਲੰਕਾ ਵਿਰੁੱਧ ਸਭ ਤੋਂ ਜ਼ਿਆਦਾ 47 ਦੌੜਾਂ ਦੇ ਨਾਲ ਮੌਜੂਦਾ ਟੂਰਨਾਮੈਂਟ ਵਿੱਚ 161 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ : ਰਣਜੀ ਟ੍ਰਾਫ਼ੀ : ਫ਼ਾਇਨਲ ਮੁਕਾਬਲੇ ਲਈ ਰਿਧੀਮਾਨ ਸਾਹਾ ਬਣੇ ਬੰਗਾਲ ਟੀਮ ਦਾ ਹਿੱਸਾ
ਜਾਣਕਾਰੀ ਮੁਤਾਬਕ ਸਮ੍ਰਿਤੀ ਮੰਧਾਨਾ ਦੋ ਪੜਾਅ ਹੇਠਾਂ ਆ ਗਈ ਹੈ ਅਤੇ ਹੁਣ ਉਹ 6ਵੇਂ ਸਥਾਨ ਉੱਤੇ ਹੈ। ਜੇਮਿਮਾਹ ਰਾਡਰਿਕਸ ਵੀ ਦੋ ਪੜਾਅ ਖਿਸਕ ਗਈ ਹੈ ਅਤੇ ਹੁਣ ਉਹ 9ਵੇਂ ਸਥਾਨ ਉੱਤੇ ਹੈ।
ਗੇਂਦਬਾਜ਼ੀ ਰੈਂਕਿੰਗ ਦੇ ਮਾਮਲੇ ਵਿੱਚ ਆਸਟ੍ਰੇਲੀਆ ਵਿਰੁੱਧ ਪਹਿਲਾ ਮੈਚ ਵਿੱਚ 4 ਵਿਕਟਾਂ ਲੈਣ ਵਾਲੀ ਭਾਰਤ ਦੀ ਪੂਨਮ ਯਾਦਵ 8ਵੇਂ ਸਥਾਨ ਉੱਤੇ ਪਹੁੰਚ ਗਈ ਹੈ।

ਦੀਪਤੀ ਸ਼ਰਮਾ ਅਤੇ ਰਾਧਾ ਯਾਦਵ ਲੜੀਵਾਰ 5ਵੇਂ ਤੇ 7ਵੇਂ ਸਥਾਨ ਉੱਤੇ ਹਨ। ਵਰਤਮਾਨ ਵਿੱਚ ਇੰਗਲੈਂਡ ਦੀ 20 ਸਾਲਾ ਸੋਫ਼ੀ ਐਕਲੈਸਟੋਨ ਗੇਂਦਬਾਜ਼ੀ ਸੂਚੀ ਵਿੱਚ ਚੋਟੀ ਉੱਤੇ ਹੈ।
ਆਸਟ੍ਰੇਲੀਆ ਮਹਿਲਾਵਾਂ ਦੀ ਟੀ-20 ਟੀਮ ਰੈਕਿੰਗ ਵਿੱਚ 290 ਅੰਕਾਂ ਦੇ ਨਾਲ ਦੂਸਰੇ ਸਥਾਨ ਉੱਤੇ ਅਤੇ ਇੰਗਲੈਂਡ 278ਵੇਂ ਸਥਾਨ ਉੱਤੇ ਹੈ। ਇਸੇ ਦਰਮਿਆਨ ਭਾਰਤ 266 ਅੰਕਾਂ ਦੇ ਨਾਲ ਚੌਥੇ ਸਥਾਨ ਉੱਤੇ ਹੈ।