ਕੋਲਕਾਤਾ : ਭਾਰਤੀ ਟੈਸਟ ਟੀਮ ਦਾ ਹਿੱਸਾ ਵਿਕਟਕੀਪਰ ਰਿਧੀਮਾਨ ਸਾਹਾ ਨੂੰ ਮੰਗਲਵਾਰ ਨੂੰ ਰਣਜੀ ਟ੍ਰਾਫ਼ੀ ਫ਼ਾਇਨਲ ਦੇ ਲਈ ਬੰਗਾਲ ਟੀਮ ਵਿੱਚ ਚੁਣਿਆ ਗਿਆ ਹੈ। ਸਾਹਾ ਇਸ ਸਮੇਂ ਨਿਊਜ਼ੀਲੈਂਡ ਦੌਰੇ ਤੋਂ ਵਾਪਸ ਆ ਰਹੇ ਹਨ। ਉਨ੍ਹਾਂ ਨੂੰ ਹਾਲਾਂਕਿ ਨਿਊਜ਼ੀਲੈਂਡ ਦੌਰੇ ਉੱਤੇ ਖੇਡੇ ਗਏ ਦੋਵਾਂ ਟੈਸਟ ਮੈਚਾਂ ਵਿੱਚ ਅੰਤਿਮ-11 ਵਿੱਚ ਥਾਂ ਨਹੀਂ ਮਿਲੀ ਸੀ।
ਚੋਣਕਾਰਾਂ ਨੇ ਜ਼ਖ਼ਮੀ ਹੋਏ ਕੋਸ਼ਿਕ ਘੋਸ਼ ਦੀ ਥਾਂ ਉੱਤੇ ਸੁਦੀਪ ਘਰਾਮੀ ਨੂੰ ਟੀਮ ਵਿੱਚ ਬੁਲਾਇਆ ਹੈ। ਗੁਲਾਮ ਮੁਸਤਫ਼ਾ ਵੀ ਟੀਮ ਤੋਂ ਬਾਹਰ ਹਨ। ਬੰਗਲਾ ਨੇ ਸੈਮੀਫ਼ਾਇਨਲ ਵਿੱਚ ਕਰਨਾਟਕ ਨੂੰ 174 ਦੌੜਾਂ ਨਾਲ ਮਾਤ ਦੇ ਕੇ 13 ਸਾਲ ਬਾਅਦ ਫ਼ਾਇਨਲ ਵਿੱਚ ਥਾਂ ਪੱਕੀ ਕੀਤੀ ਹੈ। ਫ਼ਾਇਨਲ ਵਿੱਚ ਉਸ ਦਾ ਸਾਹਮਣਾ ਸੌਰਾਸ਼ਟਰ ਤੇ ਗੁਜਰਾਤ ਦੇ ਵਿਚਕਾਰ ਖੇਡੇ ਜਾ ਰਹੇ ਦੂਸਰੇ ਸੈਮੀਫ਼ਾਇਨਲ ਮੈਚ ਦੇ ਜੇਤੂ ਨਾਲ ਹੋਵੇਗਾ।

ਬੰਗਾਲ ਦੀ ਟੀਮ ਨੇ ਪਿਛਲੀ ਵਾਰ 2006-07 ਵਿੱਚ ਖ਼ਿਤਾਬੀ ਮੁਕਾਬਲੇ ਵਿੱਚ ਥਾਂ ਬਣਾਈ ਸੀ। ਜਿੱਥੇ ਉਨ੍ਹਾਂ ਨੇ ਮੁੰਬਈ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 13 ਸਾਲ ਬਾਅਦ ਫ਼ਾਇਨਲ ਵਿੱਚ ਪਹੁੰਚੀ ਬੰਗਾਲ ਦੀ ਟੀਮ 1938-39 ਅਤੇ 1989-90 ਵਿੱਚ ਚੈਂਪੀਅਨ ਰਹਿ ਚੁੱਕੀ ਹੈ।
ਇਹ ਵੀ ਪੜ੍ਹੋ : ਮਹਿਲਾ ਸਸ਼ਕਤੀਕਰਨ ਦੀ ਇੱਕ ਅਨੋਖੀ ਮਿਸਾਲ ਹੈ ਪੀਵੀ ਸਿੰਧੂ
ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਪੱਛਮੀ ਬੰਗਾਲ ਦੇ ਵਿਕਟ-ਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਦਿੱਲੀ ਵਿਰੁੱਧ ਹੋਣ ਵਾਲੇ ਰਣਜੀ ਟ੍ਰਾਫ਼ੀ ਮੈਚ ਵਿੱਚ ਨਾ ਖੇਡਣ ਨੂੰ ਕਿਹਾ ਹੈ ਤਾਂਕਿ ਉਹ ਖ਼ੁਦ ਨੂੰ ਨਿਊਜ਼ੀਲੈਂਡ ਦੌਰੇ ਦੇ ਲਈ ਫ਼ਿੱਟ ਰੱਖ ਸਕਣ।

ਸਾਹਾ ਨੂੰ ਪਿਛਲੇ ਸਾਲ ਨਵੰਬਰ ਵਿੱਚ ਬੰਗਲਾਦੇਸ਼ ਵਿਰੁੱਧ ਖੇਡੇ ਗਏ ਦਿਨ-ਰਾਤ ਟੈਸਟ ਮੈਚ ਵਿੱਚ ਉਂਗਲੀ ਉੱਤੇ ਸੱਟ ਲੱਗੀ ਸੀ ਅਤੇ ਉਹ ਫ਼ਿਲਹਾਲ ਉਸੇ ਸੱਟ ਤੋਂ ਠੀਕ ਹੋ ਰਹੇ ਹਨ।

ਟੀਮ : ਅਭਿਮਨਿਊ ਈਸ਼ਵਰਨ (ਕਪਤਾਨ), ਮਨੋਜ ਤਿਵਾਰੀ, ਰਿਧੀਮਾਨ ਸਾਹਾ (ਵਿਕਟਕੀਪਰ), ਅਨੁਸਤੂਪ ਮਜੂਮਦਾਰ, ਸ਼੍ਰੀਵਤਸ ਗੋਸੁਆਮੀ (ਵਿਕਟਕੀਪਰ), ਸੁਦੀਪ ਚੈਟਰਜੀ, ਅਭਿਸ਼ੇਕ ਰਮਨ, ਅਰਣਬ ਨੰਦੀ, ਸ਼ਾਹਬਾਜ ਅਹਿਮਦ, ਈਸ਼ਾਨ ਪੋਰੇਲ, ਸ਼੍ਰੇਆਨ ਚੱਕਰਵਰਤੀ, ਨੀਲਕਾਂਤ ਦਾਸ, ਮੁਕੇਸ਼ ਕੁਮਾਰ, ਆਕਾਸ਼ ਦੀਪ, ਅਗਿਨਵ ਪਾਨ, ਸੁਦੀਪ ਘਰਾਮੀ।