ਨਵੀਂ ਦਿੱਲੀ: ਅੱਜ ਦੇ ਦਿਨ ਯਾਨੀ ਕਿ 25 ਜੂਨ 1983 ਨੂੰ ਕਪਿਲ ਦੇਵ ਦੀ ਕਪਤਾਨੀ ਹੇਠ ਭਾਰਤੀ ਕ੍ਰਿਕਟ ਟੀਮ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ।
ਦੱਸ ਦਈਏ ਕਿ ਕਿਸੇ ਨੂੰ ਵੀ ਇੰਗਲੈਂਡ ਵਿੱਚ ਖੇਡੇ ਗਏ ਇਸ ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਦੀ ਉਮੀਦ ਨਹੀਂ ਸੀ। ਕੋਈ ਵੀ ਭਾਰਤ ਨੂੰ ਖ਼ਿਤਾਬ ਦਾ ਮਜ਼ਬੂਤ ਦਾਅਵੇਦਾਰ ਨਹੀਂ ਮੰਨਦਾ ਸੀ।
ਭਾਰਤੀ ਟੀਮ ਕੋਲ ਵੀ ਤਜ਼ਰਬੇ ਦੀ ਘਾਟ ਸੀ ਕਿਉਂਕਿ ਉਸ ਨੇ ਪਹਿਲਾਂ ਸਿਰਫ 40 ਵਨਡੇਅ ਖੇਡੇ ਸਨ। ਪਿਛਲੇ ਵਿਸ਼ਵ ਕੱਪ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ। ਭਾਰਤ ਕੋਲ ਹਾਰਨ ਲਈ ਕੁੱਝ ਨਹੀਂ ਸੀ, ਸ਼ਾਇਦ ਇਹ ਹੀ ਕਪਿਲ ਦੀ ਟੀਮ ਦੀ ਤਾਕਤ ਬਣ ਗਈ।
ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਭਾਰਤ ਨੇ ਤਤਕਾਲੀ ਵਿਸ਼ਵ ਚੈਂਪੀਅਨ ਵਿੰਡੀਜ਼ ਨੂੰ 34 ਦੌੜਾਂ ਨਾਲ ਹਰਾਇਆ। ਇਹ ਮੈਚ 9 ਜੂਨ ਨੂੰ ਓਲਡ ਟ੍ਰੈਫੋਰਡ ਵਿਖੇ ਖੇਡਿਆ ਗਿਆ ਸੀ।
ਇੱਥੋਂ ਹੀ ਕਪਿਲ ਦੀ ਟੀਮ ਵਿੱਚ ਵਿਸ਼ਵਾਸ ਆਇਆ, ਜਿਸ ਨੇ ਟੀਮ ਨੂੰ ਕਦਮ-ਦਰ-ਕਦਮ ਖਿਤਾਬ ਦੇ ਨੇੜੇ ਪਹੁੰਚਾਇਆ। ਇਸ ਮੈਚ ਤੋਂ ਬਾਅਦ ਭਾਰਤ ਨੇ ਜ਼ਿੰਬਾਬਵੇ ਨੂੰ ਹਰਾਇਆ।
ਹਾਲਾਂਕਿ ਇਸ ਤੋਂ ਬਾਅਦ ਭਾਰਤ ਆਸਟ੍ਰੇਲੀਆ ਤੋਂ ਹਾਰ ਗਿਆ ਅਤੇ ਫਿਰ ਵੈਸਟਇੰਡੀਜ਼ ਨੇ ਦੂਜੇ ਮੈਚ ਵਿੱਚ ਆਪਣੀ ਹਾਰ ਦਾ ਬਦਲਾ ਲਿਆ।
2 ਮੈਚਾਂ ਵਿੱਚ ਹਾਰ ਤੋਂ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗਾ। ਭਾਰਤ ਨੇ ਜ਼ੋਰਦਾਰ ਵਾਪਸੀ ਕਰਦਿਆਂ 18 ਜੂਨ ਨੂੰ ਜ਼ਿੰਬਾਬਵੇ ਨੂੰ ਹਰਾਇਆ।
ਇਹ ਵੀ ਪੜ੍ਹੋ: ਆਈਪੀਐਲ ਦੀ ਜੀਸੀ ਬੈਠਕ ਲਈ ਕੋਈ ਤਰੀਕ ਤੈਅ ਨਹੀਂ, ਬੀਸੀਸੀਆਈ ‘ਵਿੱਤੀ’ ਰਿਪੋਰਟ ਦੀ ਕਰ ਰਹੀ ਉਡੀਕ
ਇਸ ਮੈਚ ਵਿੱਚ ਕਪਿਲ ਨੇ 175 ਦੌੜਾਂ ਬਣਾ ਕੇ ਮੈਚ ਜਿੱਤਣ ਵਾਲੀ ਅਜਿਹੀ ਪਾਰੀ ਖੇਡੀ ਜੋ ਇਤਿਹਾਸ ਵਿੱਚ ਦਰਜ ਹੈ। 20 ਜੂਨ ਨੂੰ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ। ਭਾਰਤ ਨੇ 22 ਜੂਨ ਨੂੰ ਇੰਗਲੈਂਡ ਨੂੰ ਸੈਮੀਫਾਈਨਲ ਵਿੱਚ ਹਰਾ ਕੇ ਸਾਰਿਆਂ ਦੀਆਂ ਉਮੀਦਾਂ ਨੂੰ ਪਛਾੜਦਿਆਂ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ।
25 ਜੂਨ ਨੂੰ ਜਦੋਂ ਕਪਿਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਦਾ ਸਾਹਮਣਾ ਕਲਾਈਵ ਲੋਇਡ ਦੀ ਵਿੰਡੀਜ਼ ਟੀਮ ਨਾਲ ਹੋਇਆ ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਭਾਰਤ ਵਿੰਡੀਜ਼ ਦੀ ਵਿਸ਼ਵ ਕੱਪ ਜਿੱਤਣ ਦੀ ਹੈਟ੍ਰਿਕ ਨੂੰ ਰੋਕ ਦੇਵੇਗਾ।
ਭਾਰਤ ਨੇ ਸਿਰਫ਼ 183 ਦੌੜਾਂ ਬਣਾਈਆਂ ਪਰ ਉਹ ਇਸ ਟੀਚੇ ਦਾ ਬਚਾਅ ਕਰਨ ਵਿੱਚ ਕਾਮਯਾਬ ਰਹੇ ਅਤੇ ਕਪਿਲ ਨੇ ਲੌਰਡਜ਼ ਦੇ ਮੈਦਾਨ ਵਿੱਚ ਵਿਸ਼ਵ ਕੱਪ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ।
ਇਸ ਤੋਂ ਬਾਅਦ ਭਾਰਤ ਨੂੰ ਮੁੜ ਵਿਸ਼ਵ ਚੈਂਪੀਅਨ ਬਣਨ ਲਈ 28 ਸਾਲ ਉਡੀਕ ਕਰਨੀ ਪਈ। ਸਾਲ 2011 ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ ਦੂਜੀ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਹਾਲਾਂਕਿ ਧੋਨੀ ਦੀ ਕਪਤਾਨੀ ਹੇਠ ਭਾਰਤ ਨੇ 2007 ਵਿੱਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ।