ਸਿਡਨੀ: ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2020 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਵੀਰਵਾਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਇਸੇ ਦਿਨ ਹੀ ਦੂਜਾ ਸੈਮੀਫਾਈਨਲ ਮੁਕਾਬਲਾ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਹੋਵੇਗਾ। ਪਹਿਲਾ ਸੈਮੀਫਾਈਨਲ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ।
ਮੌਸਮ ਵਿਭਾਗ ਦੀ ਭਵਿਖਬਾਣੀ ਮੁਤਾਬਕ ਸੈਮੀਫਾਈਨਲ ਵਾਲੇ ਦਿਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜੇ ਸੈਮੀਫਾਈਨਲ ਮੈਚ ਬਾਰਿਸ਼ ਦੇ ਕਾਰਨ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਭਾਰਤ ਅਤੇ ਦੱਖਣੀ ਅਫਰੀਕਾ ਫਾਈਨਲ ਵਿੱਚ ਪਹੁੰਚ ਜਾਣਗੇ ਕਿਉਂਕਿ ਦੋਵੇਂ ਆਪੋ ਆਪਣੇ ਸਮੂਹਾਂ ਵਿੱਚ ਚੋਟੀ 'ਤੇ ਹਨ।
ਟੀਮ ਇੰਡੀਆ ਕੋਲ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਗਲੈਂਡ ਨੂੰ ਹਰਾਉਣ ਦਾ ਮੌਕਾ ਹੈ। ਭਾਰਤ ਟੂਰਨਾਮੈਂਟ ਵਿੱਚ ਅਜੇ ਤੱਕ ਇੰਗਲੈਂਡ ਨੂੰ ਹਰਾ ਨਹੀਂ ਸਕਿਆ ਹੈ। ਦੋਵਾਂ ਟੀਮਾਂ ਵਿਚਾਲੇ ਵਿਸ਼ਵ ਕੱਪ ਵਿੱਚ 5 ਮੈਚ ਹੋ ਚੁੱਕੇ ਹਨ। ਭਾਰਤੀ ਟੀਮ ਨੂੰ 2018 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਇੰਗਲੈਂਡ ਨੇ 8 ਵਿਕਟਾਂ ਨਾਲ ਹਰਾਇਆ ਸੀ, ਪਰ ਫਾਈਨਲ ਵਿੱਚ ਉਹ ਆਸਟਰੇਲੀਆ ਤੋਂ ਹਾਰ ਗਈ ਸੀ। ਹੁਣ ਤੱਕ ਦੋਵਾਂ ਵਿਚਾਲੇ 19 ਟੀ -20 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਭਾਰਤ ਨੇ 4 ਜਿੱਤੇ ਅਤੇ 15 ਮੈਚ ਹਾਰੇ ਹਨ।
ਭਾਰਤੀ ਟੀਮ ਕਦੇ ਵੀ ਫਾਈਨਲ ਵਿੱਚ ਨਹੀਂ ਪਹੁੰਚੀ ਹੈ। ਟੀਮ ਇੰਡੀਆ ਨੇ 2009, 2010, 2018 ਵਿੱਚ ਤਿੰਨ ਵਾਰ ਸੈਮੀਫਾਈਨਲ ਵਿੱਚ ਥਾਂ ਬਣਾਈ ਸੀ। ਇਸ ਦੇ ਨਾਲ ਹੀ, ਆਸਟਰੇਲੀਆ ਨੇ ਸਭ ਤੋਂ ਵੱਧ 4 ਵਾਰ ਇਹ ਖਿਤਾਬ ਜਿੱਤਿਆ ਹੈ। ਇੰਗਲੈਂਡ ਅਤੇ ਵੈਸਟਇੰਡੀਜ਼ ਨੇ ਇੱਕ ਵਾਰ ਖ਼ਿਤਾਬ ਜਿੱਤਿਆ ਹੈ। ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 8 ਮਾਰਚ ਨੂੰ ਮੈਲਬਰਨ ਵਿੱਚ ਹੋਵੇਗਾ।