ਨਵੀਂ ਦਿੱਲੀ: ਆਈਸੀਸੀ (ਕੌਮਾਂਤਰੀ ਕ੍ਰਿਕੇਟ ਪਰਿਸ਼ਦ) ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਗਿਸੋ ਰਬਾਡਾ ਨੂੰ ਇੱਕ ਟੈਸਟ ਮੈਚ ਦੇ ਲਈ ਬੈਨ ਕਰ ਦਿੱਤਾ ਗਿਆ ਹੈ। ਦਰਅਸਲ ਰਬਾਡਾ ਇੰਗਲੈਂਡ ਖ਼ਿਲਾਫ਼ ਖੇਡੀ ਜਾ ਰਹੀ 4 ਮੈਚਾਂ ਦੀ ਟੈਸਟ ਸੀਰੀਜ਼ ਦਾ ਹਿੱਸਾ ਹਨ।
ਰਬਾਡਾ ਉੱਤੇ ਇਹ ਬੈਨ ਪੋਰਟ ਆਫ ਐਲੀਜ਼ਾਬੇਥ 'ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ 'ਚ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਆਊਟ ਕਰਨ ਤੋਂ ਬਾਅਦ ਹਮਲਾਵਰ ਢੰਗ ਨਾਲ ਜਸ਼ਨ ਮਨਾਉਣ ਦੇ ਚਲਦੇ ਲਾਇਆ ਗਿਆ ਹੈ। ਜੋ ਰੂਟ ਨੂੰ ਆਊਟ ਕਰਨ ਦੇ ਬਾਅਦ ਰਬਾਡਾ ਰੂਟ ਕੋਲ ਜਾ ਕੇ ਖ਼ੁਸ਼ੀ ਨਾਲ ਚੀਕਦੇ ਹੋਏ ਨਜ਼ਰ ਆਏ ਸਨ।
ਹੋਰ ਪੜ੍ਹੋ: INDvsAUS : ਦੂਜੇ ਵਨ-ਡੇ ਵਿੱਚ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਵਿੱਚ ਹੋ ਸਕਦੇ ਨੇ ਇਹ ਖਿਡਾਰੀ
ਰਬਾਡਾ ਨੂੰ ਇਸ ਕਾਰਨ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਤੇ ਇਸ 'ਤੇ ਆਈਸੀਸੀ ਨੇ ਵੀ ਸਖ਼ਤ ਰੁਖ਼ ਅਪਣਾਉਂਦਿਆਂ ਇੱਕ ਡਿਮੈਰਿਟ ਪੁਆਇੰਟ ਜੋੜ ਦਿੱਤਾ ਹੈ। ਇਹ ਰਬਾਡਾ ਦਾ ਚੌਥਾ ਡਿਮੈਰਿਟ ਅੰਕ ਸੀ। ਉਸ 'ਤੇ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ ਵੀ ਲਗਾਇਆ ਗਿਆ ਹੈ। ਰੂਟ ਨੇ 46 ਗੇਂਦਾਂ 'ਤੇ 27 ਦੌੜਾਂ ਬਣਾਈਆਂ ਸਨ ਤੇ ਇਸ ਦੇ ਨਾਲ ਹੀ ਰਬਾਡਾ ਦੀ ਗੇਂਦ 'ਤੇ ਕਲੀਨ ਬੋਲਡ ਹੋਏ ਸਨ।
ਦੱਸਣਯੋਗ ਹੈ ਕਿ ਦੱਖਣੀ ਅਫਰੀਕਾ ਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਮੇਜ਼ਬਾਨ ਟੀਮ ਨੇ ਜਿੱਤਿਆ ਸੀ, ਜਦਕਿ ਇੰਗਲੈਂਡ ਨੇ ਦੂਜੇ ਟੈਸਟ ਵਿੱਚ ਵਾਪਸੀ ਕਰਦੇ ਹੋਏ ਕੇਪਟਾਊਨ 'ਚ ਜਿੱਤ ਦਰਜ ਕੀਤੀ ਸੀ।