ਚੇਨੱਈ: ਭਾਰਤ ਖਿਲਾਫ ਪਹਿਲੇ ਟੈਸਟ ਮੈਚ 'ਚ ਇੰਗਲੈਂਡ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਪਤਾਨ ਜੋਅ ਰੂਟ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਦਾ ਜੇਤੂ ਕ੍ਰਮ ਜਾਰੀ ਰਹੇਗਾ। ਇੰਗਲੈਂਡ ਚਾਰ ਮੈਚਾਂ ਦੀ ਸੀਰੀਜ਼ ਵਿੱਚ ਭਾਰਤ ਦੇ ਖਿਲਾਫ ਪਹਿਲਾ ਟੈਸਟ 227 ਦੌੜਾਂ ਨਾਲ ਜਿੱਤਣ ਤੋਂ ਬਾਅਦ 1-0 ਨਾਲ ਅੱਗੇ ਹੈ। ਇੰਗਲੈਂਡ ਦੇ ਭਾਰਤ ਖਿਲਾਫ ਪਹਿਲੇ ਟੈਸਟ ਮੈਚ ਦੀ ਇਹ ਜਿੱਤ ਵਿਦੇਸ਼ੀ ਧਰਤੀ 'ਤੇ ਲਗਾਤਾਰ ਛੇਵੀਂ ਜਿੱਤ ਹੈ।
ਰੂਟ ਨੇ ਕਿਹਾ ਕਿ ਇੰਗਲੈਂਡ ਵੀ ਸ਼ਨੀਵਾਰ ਨੂੰ ਚੇਨੱਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਚੱਲ ਰਹੇ ਦੂਜੇ ਟੈਸਟ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਦੂਜੇ ਮੈਚ ਵਿੱਚ ਵਾਪਸੀ ਕਰਨ ਵਾਲੇ ਸਟੂਅਰਟ ਬ੍ਰੌਡ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨਗੇ।
ਇਹ ਤੈਅ ਹੈ ਕਿ ਭਾਰਤ ਪਹਿਲੇ ਟੈਸਟ ਵਿੱਚ ਹਾਰ ਤੋਂ ਬਾਅਦ ਦੂਜੇ ਟੈਸਟ ਵਿੱਚ ਇੰਗਲੈਂਡ ਨੂੰ ਸਖ਼ਤ ਟੱਕਰ ਦੇਵੇਗਾ, ਪਰ ਰੂਟ ਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਟੀਮ ਵਧੀਆਂ ਪ੍ਰਦਰਸ਼ਨ ਕਰੇਗੀ।
ਬ੍ਰੌਡ ਨੇ ਹੁਣ ਤੱਕ 144 ਟੈਸਟ ਮੈਚ ਖੇਡੇ ਹਨ ਅਤੇ 27.56 ਦੀ ਔਸਤ ਨਾਲ 517 ਵਿਕਟਾਂ ਲੈਣ ਵਿੱਚ ਸਫਲ ਰਿਹਾ ਹੈ। ਇਸ ਦੇ ਨਾਲ ਹੀ, ਭਾਰਤ ਵਿਰੁੱਧ ਖੇਡੇ 20 ਮੈਚਾਂ ਵਿਚ ਉਸ ਦੇ ਨਾਮ 25.67 ਦੀ ਔਸਤ ਨਾਲ 70 ਵਿਕਟਾਂ ਦਰਜ ਹਨ।