ਸਿਡਨੀ: ਸਿਡਨੀ 'ਚ ਖੇਡੇ ਗਏ ਮਹਿਲਾ ਟੀ20 ਵਿਸ਼ਵ ਕੱਪ ਦੇ ਦੂਜੇ ਸੈਮੀਫ਼ਾਈਨਲ 'ਚ ਆਸਟ੍ਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ 5 ਦੌੜਾਂ ਨਾਲ ਹਰਾ ਕੇ ਫ਼ਾਈਨਲ ਵਿੱਚ ਥਾਂ ਬਣਾ ਲਈ ਹੈ। ਫ਼ਾਈਨਲ 'ਚ ਕੰਗਾਰੂਆਂ ਦਾ ਮੁਕਾਬਲਾ ਪਹਿਲੀ ਵਾਰ ਫ਼ਾਈਨਲ ਵਿੱਚ ਪਹੁੰਚੀ ਭਾਰਤੀ ਟੀਮ ਨਾਲ ਹੋਵੇਗਾ।
ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਨ ਉੱਤਰੀ ਆਸਟ੍ਰੇਲੀਆਈ ਟੀਮ ਨੇ ਕੁੱਲ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 134 ਦੌੜਾਂ ਬਣਾਈਆਂ। ਪਹਿਲੀ ਪਾਰੀ ਖ਼ਤਮ ਹੋਣ ਤੋਂ ਬਾਅਦ ਮੀਂਹ ਕਰਕੇ ਕੁੱਝ ਸਮਾਂ ਮੈਚ ਰੁਕਿਆ ਰਿਹਾ। ਇਸ ਤੋਂ ਬਾਅਦ ਡਕਵ੍ਰਥ ਲੁਈਸ ਨਿਯਮ ਦੇ ਤਹਿਤ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ 13 ਓਵਰਾਂ 'ਚ 98 ਦੌੜਾਂ ਦਾ ਟੀਚਾ ਮਿਲਿਆ।
ਇਹ ਵੀ ਪੜ੍ਹੋ: ਮਹਿਲਾ ਟੀ-20 ਵਰਲਡ ਕੱਪ: ਭਾਰਤੀ ਟੀਮ ਨੇ ਪਹਿਲੀ ਵਾਰ ਫ਼ਾਈਨਲ 'ਚ ਪਹੁੰਚ ਕੇ ਰਚਿਆ ਇਤਿਹਾਸ
98 ਦੌੜਾਂ ਦਾ ਪਿੱਛਾ ਕਰਨ ਉੱਤਰੀ ਦੱਖਣੀ ਅਫ਼ਰੀਕਾ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ 24 ਦੇ ਸਕੋਰ 'ਤੇ ਹੀ 3 ਵਿਕਟਾਂ ਗਵਾ ਲਈਆਂ। 13 ਓਵਰਾਂ 'ਚ ਅਫ਼ਰੀਕੀ ਟੀਮ ਕੁੱਲ 92 ਦੌੜਾਂ ਹੀ ਬਣਾ ਸਕੀ ਅਤੇ ਉਸ ਨੂੰ 5 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਪਹਿਲੇ ਸੈਮੀਫ਼ਾਈਨਲ ਵਿੱਚ ਮੀਂਹ ਪੈਣ ਕਾਰਨ ਮੈਚ ਰੱਦ ਹੋ ਗਿਆ ਅਤੇ ਪੋਆਇੰਟਸ ਟੇਬਲ 'ਤੇ ਪਹਿਲੇ ਨੰਬਰ 'ਤੇ ਹੋਣ ਕਰਕੇ ਭਾਰਤ ਫ਼ਾਈਨਲ ਵਿੱਚ ਪਹੁੰਚ ਗਿਆ। ਹੁਣ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਫਾਈਨਲ ਮੁਕਾਬਲਾ 8 ਮਾਰਚ ਨੂੰ ਖੇਡਿਆ ਜਾਵੇਗਾ।