ਮੁੰਬਈ: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਦੇ ਪਿਤਾ ਸੱਤਿਆਪਾਲ ਯਾਦਵ ਦਾ 60 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਵੀਰਵਾਰ ਰਾਤ ਨੂੰ ਅੰਤਿਮ ਸਾਹ ਲਏ ਅਤੇ ਗੁਰੂਗ੍ਰਾਮ ਦੇ ਮਦਾਨਪੁਰੀ ਸਮਸ਼ਾਨ ਘਾਟ 'ਚ ਉਨ੍ਹਾਂ ਦਾ ਸਸਕਾਰ ਸਵੇਰੇ 10 ਵਜੇ ਕੀਤਾ ਗਿਆ।
ਰਾਜਕੁਮਾਰ ਰਾਓ ਦੇ ਪਿਤਾ ਸਰਕਾਰੀ ਕਰਮਚਾਰੀ ਸਨ। ਪਿਛਲੇ 17 ਦਿਨਾਂ ਤੋਂ ਉਹ ਗੁਰੂਗ੍ਰਾਮ ਦੇ ਇੱਕ ਨਿਜ਼ੀ ਹਸਤਪਤਾਲ 'ਚ ਦਾਖ਼ਲ ਸਨ। ਕਾਬਿਲ-ਏ-ਗੌਰ ਹੈ ਕਿ ਸਾਲ 2017 'ਚ ਰਾਜਕੁਮਾਰ ਰਾਓ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਉਸ ਵੇਲੇ ਰਾਜਕੁਮਾਰ ਰਾਓ ਫ਼ਿਲਮ ਨਿਊਟਨ ਦੀ ਸ਼ੂਟਿੰਗ ਕਰ ਰਹੇ ਸਨ।
ਜ਼ਿਕਰ-ਏ-ਖ਼ਾਸ ਹੈ ਕਿ ਰਾਜਕੁਮਾਰ ਰਾਓ ਨੂੰ ਫ਼ਿਲਮ ਸ਼ਾਹਿਦ ਦੇ ਲਈ ਬੇਸਟ ਅਦਾਕਾਰ ਨੈਸ਼ਨਲ ਅਵਾਰਡ ਮਿਲ ਚੁੱਕਾ ਹੈ। ਉਹ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਬਾਲੀਵੁੱਡ 'ਚ ਆਪਣੀ ਥਾਂ ਬਣਾਈ ਹੈ।