ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ਵਿੱਚ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਅਦਾਕਾਰ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੀ ਭਾਬੀ ਦੀ ਵੀ ਸਦਮੇ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਉਸ ਵੇਲੇ ਹੋਈ, ਜਦ ਅਦਾਕਾਰ ਦਾ ਅੰਤਿਮ ਸਸਕਾਰ ਹੋਇਆ ਸੀ। ਅਦਾਕਾਰ ਦੀ ਭਾਬੀ ਨੇ ਦਿਊਰ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਖਾਣਾ-ਪੀਣਾ ਛੱਡ ਦਿੱਤਾ ਸੀ। ਸ਼ੁਸ਼ਾਂਤ ਦੀ ਭਾਬੀ ਆਪਣੇ ਜੱਦੀ ਪਿੰਡ 'ਚ ਹੀ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਭਾਬੀ ਪਹਿਲਾਂ ਵੀ ਕਿਸੇ ਬਿਮਾਰੀ ਨਾਲ ਜੂਝ ਰਹੀ ਸੀ।
ਦੱਸ ਦੇਈਏ ਕਿ ਸੁਸ਼ਾਂਤ ਇੱਕ ਚੰਗੇ ਅਦਾਕਾਰ ਤੋਂ ਇਲਾਵਾ ਇੱਕ ਚੰਗੇ ਇਨਸਾਨ ਵੀ ਸਨ। ਰਿਪੋਰਟਾਂ ਮੁਤਾਬਕ ਸੁਸ਼ਾਂਤ ਕਈ ਦਿਨਾਂ ਤੋਂ ਡਿਪਰੈਸ਼ਨ ਦਾ ਇਲਾਜ ਕਰਵਾ ਰਹੇ ਸਨ। ਚਾਰ ਦਿਨ ਪਹਿਲਾਂ ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਲਿਨ ਨੇ ਵੀ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ।
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 'ਕਿਸ ਦੇਸ਼ ਮੇ ਹੈ ਮੇਰਾ ਦਿਲ' ਨਾਂਅ ਦੇ ਹਿੰਦੀ ਸੀਰੀਅਲ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਫਿਰ ਟੈਲੀਵਿਜ਼ਨ ਸੀਰੀਅਲ 'ਪਵਿੱਤਰ ਰਿਸ਼ਤਾ' 'ਚ ਆਪਣੀ ਭੂਮਿਕਾ ਨਾਲ ਮਸ਼ਹੂਰ ਹੋਏ। 'ਕਾਏ ਪੋ ਚੇ' ਨਾਲ ਫ਼ਿਲਮੀ ਜਗਤ 'ਚ ਪੈਰ ਰੱਖਣ ਤੋਂ ਬਾਅਦ ਉਨ੍ਹਾਂ ਨੇ 'ਸ਼ੁੱਧ ਦੇਸੀ ਰੋਮਾਂਸ', 'ਐਮ.ਐਸ.ਧੋਨੀ: ਦਿ ਅਨਟੋਲਡ ਸਟੋਰੀ', 'ਰਾਬਤਾ', ਕੇਦਾਰਨਾਥ ਅਤੇ ਸੋਨਚਿਰਿਆ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਸੁਸ਼ਾਂਤ ਦੀ ਆਖ਼ਰੀ ਫ਼ਿਲਮ ਸਾਲ 2019 ਦੀ 'ਛਿਛੋਰੇ' ਸੀ।