ਮੁੰਬਈ: ਫ਼ਿਲਮ ਸ਼ੋਲੇ ਬਾਲੀਵੁੱਡ ਦੀਆਂ ਹੁਣ ਤੱਕ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਵਿਚੋਂ ਇੱਕ ਹੈ। ਫ਼ਿਲਮ ਵਿੱਚ ਅਮਿਤਾਭ ਬੱਚਨ, ਧਰਮਿੰਦਰ, ਸੰਜੀਵ ਕੁਮਾਰ, ਜਯਾ ਬੱਚਨ ਅਤੇ ਹੇਮਾ ਮਾਲਿਨੀ ਨੇ ਮੁੱਖ ਭੂਮਿਕਾ ਨਿਭਾਈ ਸੀ। 1975 ਵਿੱਚ ਰੀਲੀਜ਼ ਹੋਈ ਫ਼ਿਲਮ ਸ਼ੋਲੇ, ਗੋਆ ਵਿੱਚ ਆਈਐਫਐਫਆਈ (ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ) ਦੇ ਵਿੱਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ।
ਇਸ ਫ਼ਿਲਮ ਫ਼ੈਸਟੀਵਲ ਦੇ ਵਿੱਚ ਕੁੱਲ੍ਹ 14 ਬਾਲੀਵੁੱਡ ਫ਼ਿਲਮਾਂ ਦਾ ਪ੍ਰਸਾਰਣ ਹੋਣ ਜਾ ਰਿਹਾ ਹੈ। ਇਸ ਸੂਚੀ ਦੇ ਵਿੱਚ ਚਲਤੀ ਕਾ ਨਾਮ ਗਾੜੀ (1958), ਪੜੋਸਨ (1968), ਅੰਦਾਜ਼ ਅਪਨਾ ਅਪਨਾ (1994), ਹੇਰਾ ਫੇਰੀ (2000), ਚੇਨਈ ਐਕਸਪ੍ਰੈਸ (2013), ਬੱਧਾਈ ਹੋ (2018), ਉਰੀ:ਦਿ ਸਰਜੀਕਲ ਸਟਰਾਈਕ (2019), ਗਲੀ ਬੁਆਏ (2019), ਸੁਪਰ 30 (2019), ਟੋਟਲ ਧਮਾਲ (2019) ਅਤੇ ਕਈ ਹੋਰ ਫ਼ਿਲਮਾਂ ਦੇ ਨਾਂਅ ਸ਼ਾਮਿਲ ਹਨ।
ਬਾਲੀਵੁੱਡ ਫ਼ਿਲਮਾਂ ਤੋਂ ਇਲਾਵਾ ਫ਼ਿਲਮ ਫ਼ੈਸਟੀਵਲ 'ਚ ਗੁਜਰਾਤੀ ਅਤੇ ਮਲਿਆਲਮ ਫਿਲਮਾਂ ਵੀ ਵਿਖਾਈਆਂ ਜਾਣਗੀਆਂ। ਇਸ ਸੂਚੀ ਦੇ ਵਿੱਚ ਹੇਲਾਰੋ ਅਤੇ ਉਯਾਰੇ ਦਾ ਨਾਂਅ ਸ਼ਾਮਿਲ ਹੈ। ਹੇਲਾਰੋ, ਗੁਜਰਾਤੀ ਫ਼ਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਾਹ ਵੱਲੋਂ ਕੀਤਾ ਗਿਆ ਹੈ ਅਤੇ ਉਯਾਰੇ ਦਾ ਨਿਰਦੇਸ਼ਨ ਮਨੂ ਅਸ਼ੋਕਨ ਵੱਲੋਂ ਕੀਤਾ ਗਿਆ ਹੈ।
ਇਹ ਫ਼ਿਲਮ ਫ਼ੈਸਟੀਵਲ 20 ਨਵੰਬਰ ਨੂੰ ਸ਼ੁਰੂ ਹੋਵੇਗਾ ਅਤੇ 28 ਨਵੰਬਰ ਤੱਕ ਚੱਲੇਗਾ। ਅਦਾਕਾਰ ਰਜਨੀਕਾਂਤ ਅਤੇ ਅਮਿਤਾਭ ਬੱਚਨ ਇਸ ਫ਼ੈਸਟੀਵਲ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋਣਗੇ, ਜਿਸ ਦੀ ਮੇਜ਼ਬਾਨੀ ਕਰਨ ਜੌਹਰ ਕਰਨਗੇ।