ਨਵੀਂ ਦਿੱਲੀ: ਫ਼ਿਲਮ 'ਬਾਲਾ' ਦੇ ਪ੍ਰਮੋਸ਼ਨ ਲਈ ਫ਼ਿਲਮ ਦੀ ਸਟਾਰਕਾਸਟ ਦਿੱਲੀ ਪਹੁੰਚੀ ਇਸ ਮੌਕੇ ਆਯੂਸ਼ਮਾਨ ਨੇ ਕਿਹਾ ਇਸ ਫ਼ਿਲਮ ਦੇ ਕਾਨਸੇਪਟ ਨੂੰ ਲੈਕੇ ਉਨ੍ਹਾਂ ਨੂੰ ਕਈ ਫ਼ਿਲਮਾਂ ਆਫ਼ਰ ਹੋਈਆਂ ਸਨ ਪਰ ਉਨ੍ਹਾਂ ਨੇ ਫ਼ਿਲਮ 'ਬਾਲਾ' ਇਸ ਕਾਰਨ ਚੁਣੀ ਕਿਉਂਕਿ ਉਨ੍ਹਾਂ ਨੂੰ ਨਿਰਦੇਸ਼ਕ ਅਮਰ ਕੌਸ਼ਿਕ ਦੇ ਵਿਜ਼ਨ 'ਤੇ ਜ਼ਿਆਦਾ ਭਰੋਸਾ ਸੀ।
ਆਯੂਸ਼ਮਾਨ ਨੇ ਕਿਹਾ ਕਿ ਜਿਨ੍ਹਾਂ ਦੇ ਆਫ਼ਰ ਉਨ੍ਹਾਂ ਨੇ ਨਹੀਂ ਅਪਣਾਏ ਉਨ੍ਹਾਂ ਨੇ ਕੁਝ ਹੋਰ ਸੋਚ ਲਿਆ ਪਰ ਕੁਝ ਲੋਕ ਅਜਿਹੇ ਸਨ ਜੋ ਆਪਣੇ ਕਾਨਸੇਪਟ 'ਤੇ ਟਿੱਕੇ ਰਹੇ। ਉਨ੍ਹਾਂ ਨੂੰ ਆਯੂਸ਼ਮਾਨ ਨੇ ਆਲ ਦਿ ਬੇਸਟ ਕਿਹਾ ਹੈ। ਫ਼ਿਲਮ 'ਚ ਮੁੱਖ ਭੂਮਿਕਾ ਨਿਭਾ ਰਹੀ ਯਾਮੀ ਗੌਤਮ ਨੇ ਆਯੂਸ਼ਮਾਨ ਦੀ ਉਪਲਬੱਧੀ ਬਾਰੇ ਦੋ ਸ਼ਬਦ ਕਹੇ।
ਉਨ੍ਹਾਂ ਕਿਹਾ ਕਿ ਉਹ ਆਯੂਸ਼ਮਾਨ ਦੀਆਂ ਉਪਲੱਬਧੀਆਂ ਨੂੰ ਵੇਖ ਕੇ ਬਹੁਤ ਖੁਸ਼ ਹਨ। ਦੱਸ ਦਈਏ ਕਿ ਇਸ ਸਾਲ ਆਯੂਸ਼ਮਾਨ ਦੀਆਂ ਦੋ ਫ਼ਿਲਮਾਂ ਆਰਟੀਕਲ 15 ਅਤੇ ਡ੍ਰੀਮ ਗਰਲ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਚੁੱਕੀਆਂ ਹਨ। ਫ਼ਿਲਮ 'ਚ ਮੁੱਖ ਕਿਰਦਾਰ ਅਦਾ ਕਰ ਰਹੀ ਭੂਮੀ ਪੇਡਨੇਕਰ ਨੇ ਆਪਣੇ ਕਰੀਅਰ 'ਚ ਜ਼ਿਆਦਾਤਰ ਫ਼ਿਲਮਾਂ ਦੇ ਵਿੱਚ ਖ਼ੁਦ ਨੂੰ ਟ੍ਰਾਂਸਫ਼ੌਰਮ ਕੀਤਾ ਹੈ।
ਫ਼ਿਲਮ ਦਮ ਲਗਾ ਕੇ ਹਈਸ਼ਾ 'ਚ ਉਸ ਨੇ ਇੱਕ ਔਵਰਵੇਟ ਕੁੜੀ ਦਾ ਕਿਰਦਾਰ ਨਿਭਾਇਆ। ਸਾਂਡ ਕੀ ਆਖ 'ਚ ਦਾਦੀ ਦਾ ਕਿਰਦਾਰ ਅਦਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਭੂਮੀ ਨੇ ਕਿਹਾ ਕਿ ਉਹ ਇੱਕ ਅਦਾਕਾਰ ਹੈ ਜੇ ਉਸ ਨੂੰ ਇੱਕ ਮਰਦ ਦਾ ਕਿਰਦਾਰ ਵੀ ਆਫ਼ਰ ਹੋਇਆ ਉਹ ਤਾਂ ਵੀ ਉਹ ਖ਼ੁਦ ਨੂੰ ਕਿਰਦਾਰ ਮੁਤਾਬਿਕ ਢਾਲੇਗੀ।
ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਬਾਲਾ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਵੇਖਣਾ ਦਿਲਚਸਪ ਹੋਵੇਗਾ ਇਹ ਸੁੱਰਖੀਆਂ ਬਾਕਸ ਆਫ਼ਿਸ 'ਤੇ ਕੀ ਕਮਾਲ ਵਿਖਾਉਂਦੀਆਂ ਹਨ।