ਨਵੀਂ ਦਿੱਲੀ: ਪਟਿਆਲਾ ਹਾਊਸ ਕੋਰਟ ਨੇ ਦੀਪਿਕਾ ਪਾਦੁਕੋਣ ਅਤੇ ਵਿਕਰਾਂਤ ਮੈਸੀ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਦੇ ਪ੍ਰੋਡਿਊਸਰਾਂ ਨੂੰ ਹੁਕਮ ਦਿੱਤੇ ਹਨ ਕਿ ਤੇਜ਼ਾਬੀ ਹਮਲਾ ਪੀੜਤ ਦੀ ਵਕੀਲ ਅਪਰਣਾ ਭੱਟ ਨੂੰ ਫ਼ਿਲਮ 'ਚ ਕ੍ਰੈਡਿਟ ਦਿੱਤੇ ਜਾਣ।
ਦਰਅਸਲ ਵਕੀਲ ਅਪਰਣਾ ਭੱਟ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਲਕਸ਼ਮੀ ਅਗਰਵਾਲ ਦੀ ਵਕੀਲ ਰਹੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਫ਼ਿਲਮ 'ਚ ਕੋਈ ਕ੍ਰੈਡਿਟ ਨਹੀਂ ਦਿੱਤਾ ਗਿਆ। ਇਸ ਲਈ ਭੱਟ ਨੇ ਪਟਿਆਲਾ ਹਾਉਸ ਕੋਰਟ 'ਚ ਫ਼ਿਲਮ 'ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜੱਜ ਨੇ ਫ਼ਿਲਮਮੇਕਰਸ ਨੂੰ ਕਿਹਾ ਕਿ ਉਹ ਫ਼ਿਲਮ ਦੀ ਸਕ੍ਰੀਨਿੰਗ ਵੇਲੇ ਵਾਸਤਵਿਕ ਫੂਟੇਜ ਅਤੇ ਤਸਵੀਰਾਂ 'ਚ ਇਹ ਲਿਖਣ, "ਔਰਤਾਂ ਦੇ ਵਿਰੁੱਧ ਹੋਣ ਵਾਲੇ ਯੋਨ ਸੋਸ਼ਨ ਅਤੇ ਸਰੀਰਕ ਹਿੰਸਾ ਦੇ ਵਿਰੁੱਧ ਅਪਰਣਾ ਭੱਟ ਦੀ ਲੜਾਈ ਜਾਰੀ ਹੈ।"
ਦੱਸਦਈਏ ਕਿ ਵਕੀਲ ਅਪਰਣਾ ਭੱਟ ਨੇ ਪਟੀਸ਼ਨ ਦਾਇਰ ਕਰਦੇ ਹੋਏ ਇਹ ਵੀ ਕਿਹਾ ਕਿ ਉਸ ਨੇ ਫ਼ਿਲਮਮੇਕਰਸ ਦੀ ਫ਼ਿਲਮ ਨੂੰ ਲੈਕੇ ਕਈ ਵਾਰ ਮਦਦ ਵੀ ਕੀਤੀ। ਇਸ ਦੇ ਬਾਵਜੂਦ ਉਸ ਨੂੰ ਕੋਈ ਕ੍ਰੈਡਿਟ ਨਹੀਂ ਦਿੱਤਾ ਗਿਆ। ਇਸ ਤੋਂ ਪਹਿਲਾਂ ਫ਼ਿਲਮ ਦੀ ਸਕ੍ਰੀਪਟ ਨੂੰ ਲੈਕੇ ਵੀ ਵਿਵਾਦ ਹੋ ਚੁੱਕਾ ਹੈ। ਲੇਖਕ ਰਾਕੇਸ਼ ਭਾਰਤੀ ਨੇ ਫ਼ਿਲਮ ਦੀ ਕਹਾਣੀ ਨੂੰ ਲੈਕੇ ਮਾਮਲਾ ਦਰਜ ਕਰਵਾਇਆ ਸੀ। ਰਾਕੇਸ਼ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਤੇਜ਼ਾਬੀ ਹਮਲਾ ਪੀੜਤ ਦੇ ਜੀਵਨ 'ਤੇ ਕਹਾਣੀ ਲਿਖੀ ਸੀ, ਉਸ ਨੂੰ ਵੀ ਫ਼ਿਲਮ 'ਚ ਕ੍ਰੈਡਿਟ ਦਿੱਤਾ ਜਾਵੇ। ਇਸ ਤੋਂ ਬਾਅਦ ਬੌਂਬੇ ਹਾਈ ਕੋਰਟ ਨੇ ਕਿਹਾ ਸੀ ਕਿ ਸੱਚੀ ਘਟਨਾਵਾਂ ਤੋਂ ਪ੍ਰੇਰਿਤ ਕਿਸੇ ਵੀ ਕਹਾਣੀ ਉੱਤੇ ਕਾਪੀਰਾਈਟ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ।