ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਿਤਾਭ ਬੱਚਨ ਨੂੰ ਇਹ ਐਵਾਰਡ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਦਿੱਤਾ ਗਿਆ।
ਅਮਿਤਾਭ ਬੱਚਨ ਨੇ ਐਵਾਰਡ ਲੈਣ ਤੋਂ ਬਾਅਦ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਥੇ ਤੱਕ ਲੋਕਾਂ ਕਾਰਨ ਪੁੱਜੇ ਹਨ। ਦੱਸਣਯੋਗ ਹੈ ਕਿ ਬਿਮਾਰ ਹੋਣ ਕਾਰਨ ਅਦਾਕਾਰ ਸੋਮਵਾਰ ਨੂੰ ਰਾਸ਼ਟਰੀ ਫਿਲਮ ਐਵਾਰਡ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਇਸ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਸੀ ਕਿ ਅਮਿਤਾਭ ਬੱਚਨ ਨੂੰ 29 ਦਸੰਬਰ ਨੂੰ ਦਾਦਾ ਸਾਹਿਬ ਫਾਲਕੇ ਸਨਮਾਨ ਦਿੱਤਾ ਜਾਵੇਗਾ।
ਅਮਿਤਾਭ ਬੱਚਨ ਉਨ੍ਹਾਂ ਕੁਝ ਅਦਾਕਾਰਾਂ ਵਿਚੋਂ ਇੱਕ ਹਨ ਜਿਨ੍ਹਾਂ ਦੀ ਮਜ਼ਬੂਤ ਅਦਾਕਾਰੀ ਨੇ ਉਨ੍ਹਾਂ ਦੇ ਆਲੋਚਕਾਂ ਨੂੰ ਵੀ ਹੈਰਾਨ ਕਰ ਦਿੱਤਾ। ਅਮਿਤਾਭ ਨੂੰ ਸਾਲ 1984 ਵਿਚ ਪਦਮ ਸ਼੍ਰੀ, 2001 ਵਿੱਚ ਪਦਮ ਭੂਸ਼ਣ ਅਤੇ 2015 ਵਿੱਚ ਪਦਮ ਵਿਭੂਸ਼ਣ ਵਰਗੇ ਨਾਮਵਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਅਮਿਤਾਬ ਬੱਚਨ ਕਈ ਦਹਾਕਿਆਂ ਤੋਂ ਬਾਲੀਵੁੱਡ ਵਿੱਚ ਰਾਜ ਕਰ ਰਹੇ ਹਨ ਤੇ ਉਹ ਫ਼ਿਲਮਾਂ ਦੇ ਨਾਲ-ਨਾਲ ਟੀਵੀ ਇੰਡਸਟਰੀ ਵਿੱਚ ਵੀ ਸਰਗਰਮ ਹਨ।
ਦੱਸਣਯੋਗ ਹੈ ਕਿ ਦਾਦਾ ਸਾਹਿਬ ਫਾਲਕੇ ਐਵਾਰਡ ਭਾਰਤ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਇੱਕ ਸਾਲਾਨਾ ਪੁਰਸਕਾਰ ਹੈ, ਜੋ ਕਿਸੇ ਵਿਅਕਤੀ ਵਿਸ਼ੇਸ਼ ਨੂੰ ਭਾਰਤੀ ਸਿਨੇਮਾ ਵਿੱਚ ਉਸ ਦੇ ਜ਼ਿੰਦਗੀ ਭਰ ਦਿੱਤੇ ਯੋਗਦਾਨ ਲਈ ਦਿੱਤਾ ਜਾਂਦਾ ਹੈ। ਦਾਦਾ ਸਾਹਿਬ ਫਾਲਕੇ ਐਵਾਰਡ ਬਾਲੀਵੁੱਡ ਇੰਡਸਟਰੀ ਦਾ ਸਭ ਤੋਂ ਵੱਡਾ ਸਨਮਾਨ ਮੰਨਿਆ ਜਾਂਦਾ ਹੈ।