ਮੁੰਬਈ: 'ਕੇਦਾਰਨਾਥ' ਅਤੇ 'ਸਿੰਬਾ' ਵਰਗੀਆਂ ਫ਼ਿਲਮਾਂ ਨਾਲ ਬਾਲੀਵੁੱਡ 'ਚ ਐਂਟਰੀ ਕਰਕੇ ਸਭ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲੀ ਸਾਰਾ ਅਲੀ ਖ਼ਾਨ ਦਾ ਕਹਿਣਾ ਹੈ ਕਿ ਉਹ ਪਰਦੇ 'ਤੇ ਹਰ ਤਰ੍ਹਾਂ ਦੀ ਫਿਲਮ ਕਰਨਾ ਚਾਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਜੇ ਲੀਲਾ ਭੰਸਾਲੀ ਨਾਲ ਟਾਈਮਲਾਈਨਸ ਅਤੇ ਇਤਿਹਾਸ 'ਤੇ ਅਧਾਰਤ ਫ਼ਿਲਮ ਕਰਨਾ ਚਾਹੁੰਦੀ ਹੈ। ਸਾਰਾ ਨੇ ਸ਼ਹਿਰੀ ਜੀਵਨ ਨਾਲ ਸਬੰਧੀਤ ਫ਼ਿਲਮਾਂ, ਰੋਮੈਂਟਿਕ ਕਾਮੇਡੀ, ਕਮ੍ਰਸ਼ਿਅਲ ਮਸਾਲਾ, ਐਕਸ਼ਨ ਥ੍ਰਿਲਰ ਫ਼ਿਲਮਾਂ 'ਚ ਵੀ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ।
ਸਾਰਾ ਨੇ ਆਪਣੇ ਹੁਣ ਤੱਕ ਦੇ ਬਾਲੀਵੁੱਡ ਸਫ਼ਰ ਬਾਰੇ ਕਿਹਾ ਕਿ ਨਿਰਦੇਸ਼ਨ ਦੌਰਾਨ "ਐਕਸ਼ਨ ਅਤੇ ਕੱਟ " ਦੇ ਵਿੱਚ ਸਭ ਤੋਂ ਸ਼ਾਨਦਾਰ ਗੱਲ ਇਹ ਹੁੰਦੀ ਹੈ ਕਿ ਤੁਸੀਂ ਆਪਣਾ ਆਪ ਭੁਲ ਜਾਂਦੇ ਹੋ। ਕਿਸੇ ਦੀ ਜ਼ਿੰਦਗੀ, ਕਿਸੇ ਦੀ ਕਹਾਣੀ, ਅਤੇ ਉਸ ਦਾ ਕਿਰਦਾਰ ਨਿਭਾਉਣ ਦੀ ਕੋਸ਼ਿਸ਼ ਕਰਦੇ ਹੋਏ ਤੁਸੀਂ ਉਸੇ ਕਿਰਦਾਰ ਵਿੱਚ ਢੱਲ ਜਾਂਦੇ ਹੋ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਕਿੱਤਾ ਸਾਨੂੰ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਜੀਉਣ ਅਤੇ ਬਹੁਤ ਸਾਰੇ ਅਨੁਭਵ ਕਰਨ ਦੀ ਮੌਕਾ ਦਿੰਦਾ ਹੈ। ਆਪਣੀ ਪਹਿਲੀ ਫ਼ਿਲਮ 'ਕੇਦਾਰਨਾਥ' ਬਾਰੇ ਗੱਲ ਕਰਦਿਆਂ ਬਿਹਤਰੀਨ ਕਿਰਦਾਰ "ਮੁਕਕੂ" ਨੂੰ ਲਿਖਣ ਲਈ ਉਨ੍ਹਾਂ ਫ਼ਿਲਮ ਦੀ ਲੇਖਿਕਾ ਕਨਿਕਾ ਢਿੱਲੋਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਕਿਰਦਾਰ ਹਮੇਸ਼ਾਂ ਉਨ੍ਹਾਂ ਦੇ ਦਿੱਲ ਦੇ ਕਰੀਬ ਰਹੇਗਾ।