ਮੁੰਬਈ: ਅਦਾਕਾਰ ਨਸੀਰੂਦੀਨ ਸ਼ਾਹ, ਫ਼ਿਲਮ ਨਿਰਮਾਤਾ ਮੀਰਾ ਨਾਇਰ, ਗਾਇਕ ਟੀ.ਐੱਮ. ਕ੍ਰਿਸ਼ਨ, ਲੇਖਕ ਅਮਿਤਾਵ ਘੋਸ਼ ਇਤਿਹਾਸਕਾਰ ਰੋਮਿਲਾ ਥਾਪਰ ਸਮੇਤ 300 ਤੋਂ ਜ਼ਿਆਦਾ ਹਸਤੀਆਂ ਨੇ ਸੀਏਏ ਅਤੇ ਐਨਸੀਆਰ ਦੀ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਤੇ ਹੋਰ ਲੋਕਾਂ ਦਾ ਸਮਰਥਨ ਕੀਤਾ ਹੈ। ਇੰਡੀਅਨ ਕਲਚਰਲ ਫੋਰਮ ਵਿੱਚ 13 ਜਨਵਰੀ ਨੂੰ ਪ੍ਰਕਾਸ਼ਿਤ ਹੋਏ ਬਿਆਨ ਵਿੱਚ ਇਨ੍ਹਾਂ ਹਸਤੀਆਂ ਨੇ ਕਿਹਾ ਕਿ ਸੀਏਏ ਅਤੇ ਐਨਆਰਸੀ ਭਾਰਤ ਦੇ ਲਈ ਖ਼ਤਰਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ, 'ਅਸੀਂ ਸੀਏਏ ਤੇ ਐਨਆਰਸੀ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਅਤੇ ਬੋਲਣ ਵਾਲਿਆਂ ਦੇ ਨਾਲ ਖੜੇ ਹਾਂ। ਭਾਰਤੀ ਸੰਵਿਧਾਨ ਦੇ ਸਿਧਾਤਾਂ ਨੂੰ ਕਾਇਮ ਰੱਖਣ ਲਈ ਉਨ੍ਹਾਂ ਦੀ ਇੱਕਜੁਟਤਾ ਨੂੰ ਅਸੀਂ ਸਲਾਮ ਕਰਦੇ ਹਾਂ।' ਇਸ ਦੇ ਨਾਲ ਉਨ੍ਹਾਂ ਕਿਹਾ, "ਅਸੀਂ ਇਸ ਗੱਲ ਤੋਂ ਜਾਣੂ ਹਾਂ ਕਿ ਅਸੀਂ ਹਮੇਸ਼ਾ ਉਸ ਵਾਅਦੇ ਉੱਤੇ ਖਰੇ ਨਹੀਂ ਉਤਰੇ ਹਾਂ ਤੇ ਸਾਡੇ ਵਿੱਚੋਂ ਕਈ ਜ਼ਿਆਦਾਤਰ ਚੁੱਪ ਰਹਿੰਦੇ ਹਨ। ਸਮੇਂ ਦੀ ਮੰਗ ਹੈ ਕਿ ਅਸੀਂ ਸਾਰੇ ਆਪਣੇ ਸਿਧਾਤਾਂ ਲਈ ਖੜੇ ਹੋਈਏ।"
ਬਿਆਨ ਉੱਤੇ ਹਸਤਖਾਰ ਕਰਨ ਵਾਲਿਆਂ ਵਿੱਚ ਲੇਖਿਕਾ ਅਨੀਤਾ ਦੇਸਾਈ, ਕਿਰਨ ਦੇਸਾਈ, ਅਦਾਕਾਰਾ ਰਤਨਾ ਪਾਠਕ ਸ਼ਾਹ, ਜਾਵੇਦ ਜਾਫ਼ਰੀ, ਨੰਦੀਤਾ ਦਾਸ, ਲਿਲੇਟ ਦੁਬੇ, ਸਮਾਜਸ਼ਾਸ਼ਤਰੀ ਅਸ਼ੀਸ ਨੰਦੀ, ਵਰਕਰ ਸੋਹੇਲ ਹਾਸ਼ਮੀ ਤੇ ਸ਼ਬਨਮ ਹਾਸ਼ਮੀ ਸ਼ਾਮਲ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੇ ਕਦਮ ਧਰਮ ਨਿਰਪੱਖ ਤੇ ਸਮਾਵੇਸ਼ੀ ਰਾਸ਼ਟਰ ਦੇ ਸਿਧਾਤਾਂ ਦੇ ਖ਼ਿਲਾਫ਼ ਹੈ। ਇਨ੍ਹਾਂ ਨੀਤੀਆਂ ਨੂੰ ਲੋਕਾਂ ਦੀ ਅਸਹਿਮਤ ਜਤਾਉਣ ਦਾ ਮੌਕਾ ਦਿੱਤੇ ਬਿਨ੍ਹਾਂ ਤੇ ਖੁੱਲ੍ਹੀ ਚਰਚਾ ਕਰਾਏ ਬਿਨ੍ਹਾਂ ਸੰਸਦ ਦੇ ਰਾਹੀ ਜਲਦਬਾਜ਼ੀ ਵਿੱਚ ਪਾਸ ਕੀਤਾ ਗਿਆ ਹੈ।
ਇਸ ਬਿਆਨ ਵਿੱਚ ਜਾਮੀਆ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਹੋਏ ਕਾਂਡ ਉੱਤੇ ਸਾਰੇ ਦੇਸ਼ ਭਰ ਵਿੱਚ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਆਲੋਚਨਾ ਕੀਤੀ ਗਈ। ਉਨ੍ਹਾਂ ਕਿਹਾ, "ਪੁਲਿਸ ਦੀ ਭੰਨਤੋੜ ਨੇ ਸੈਂਕੜਿਆਂ ਲੋਕਾਂ ਨੂੰ ਜ਼ਖ਼ਮੀ ਕੀਤਾ ਹੈ, ਜਿਸ ਵਿੱਚ ਜਾਮੀਆ ਤੇ ਅਲੀਗੜ੍ਹ ਦੀ ਮੁਸਲਿਮ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਸ਼ਾਮਲ ਹਨ। ਵਿਰੋਧ ਕਰਦੇ ਹੋਏ ਕਈ ਨਾਗਰਿਕ ਮਾਰੇ ਗਏ ਹਨ। ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਵਿਰੋਧ ਨੂੰ ਰੋਕਣ ਲਈ ਕਈ ਰਾਜਾਂ ਵਿੱਚ ਧਾਰਾ 144 ਲਗਾਈ ਗਈ ਹੈ।" ਉਨ੍ਹਾਂ ਕਿਹਾ ਕਿ ਬਹੁਤ ਹੋ ਗਿਆ ਤੇ ਉਹ ਭਾਰਤ ਲਈ ਧਰਮਨਿਰਪੱਖਤਾ ਲਈ ਖੜੇ ਹਨ।