ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣੇ ਬਜਟ ਸੈਸ਼ਨ ਦੌਰਾਨ ਦਿੱਤੇ ਭਾਸ਼ਨ 'ਚ ਕਿਹਾ ਕਿ ''ਚਾਰਜਰ ਅਤੇ ਮੋਬਾਈਲ ਫ਼ੋਨਾਂ ਦੇ ਕੁਝ ਸਪੇਅਰ ਪਾਰਟਜ਼'' ਉਤੇ ਛੋਟ ਵਾਪਸ ਲੈਣ ਨਾਲ ਸਮਾਰਟਫੋਨ ਦੇ ਘਰੇਲੂ ਉਤਪਾਦਨ ਵਿੱਚ ਵਾਧਾ ਵੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਘਰੇਲੂ ਇਲੈਕਟ੍ਰਾਨਿਕਸ ਉਤਪਾਦਨ ਤੇਜ਼ੀ ਨਾਲ ਵਧਿਆ ਹੈ। ਪਰ ਹੁਣ ਅਸੀ ਮੋਬਾਈਲ ਅਤੇ ਚਾਰਜਰ ਵਰਗੀਆਂ ਵਸਤੂਆਂ ਦੇ ਸਬੰਧ 'ਚ ਬਾਹਰੀ ਮੁਲਕਾਂ 'ਤੇ ਨਿਰਭਰ ਹਾਂ।
ਉਨ੍ਹਾਂ ਕਿਹਾ ਕਿ ਜ਼ਿਆਦਾ ਘਰੇਲੂ ਮੁੱਲ ਨੂੰ ਉਤਸ਼ਾਹ ਦੇਣ ਲਈ ਅਸੀ ਚਾਰਜਰ ਦੇ ਕੁਝ ਪਾਰਟਸ ਅਤੇ ਮੋਬਾਈਲ ਫੋਨਾਂ ਦੇ ਛੋਟੇ ਪੁਰਜਿਆਂ ਤੋਂ ਛੋਟ ਵਾਪਸ ਲੈ ਰਹੇ ਹਾਂ। ਹੁਣ ਮੋਬਾਈਲ ਦੇ ਕੁਝ ਪੁਰਜਿਆਂ ਦੇ ਭਾਅ ਜ਼ੀਰੋ ਤੋਂ 2.5 ਫੀਸਦ ਤੱਕ ਵੱਧ ਜਾਣਗੇ।
'ਮੇਕ ਇਨ ਇੰਡੀਆ' ਮੋਬਾਈਲ ਫ਼ੋਨਜ਼ ਅਤੇ ਇਲੈਕਟ੍ਰਾਨਿਕਸ ਦੇ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਨੇ ਮੋਬਾਈਲ ਚਾਰਜਰ ਅਤੇ ਫੋਨ ਦੇ ਛੋਟੇ ਪੁਰਜਿਆਂ 'ਤੇ 10 ਫੀਸਦ ਇੰਪੋਰਟ ਡਿਊਟੀ ਵਧਾਉਣ ਦਾ ਐਲਾਨ ਵੀ ਕੀਤਾ।
ਮੋਬਾਈਲ ਦੇ ਬੈਕ ਕਵਰ ਅਤੇ ਸਾਈਡ ਕੀਜ ਵਰਗੇ ਪੁਰਜਿਆਂ 'ਚ ਇਸਤੇਮਾਲ ਹੋਣ ਵਾਲੇ ਕੱਚੇ ਮਾਲ ਦੀ ਦਰ ਨੂੰ ਫੀਸਦ ਉਤੇ ਜ਼ੀਰੋ ਤੋਂ 10 ਫ਼ੀਸਦ ਤੱਕ ਕਰ ਦਿੱਤਾ ਗਿਆ ਹੈ।
ਪ੍ਰੋ. ਐਨ.ਕੇ. ਗੋਇਲ, ਪ੍ਰਧਾਨ ਏਮੈਰਿਟਸ, ਟੀਮਾ (ਟੈਲੀਕਾਮ ਡੀਵਾਇਨ ਮੈਨੂਫੈਕਚਰਿੰਗ ਐਸੋਸੀਏਸ਼ਨ) ਇੰਡੀਆ ਨੇ ਕਿਹਾ ਕਿ ''ਮੋਬਾਈਲ ਉਤੇ 2.5 ਫੀਸਦ ਦਾ ਵਾਧੂ ਟੈਕਸ ਮੇਕ ਇਨ ਇੰਡੀਆ'' ਮੋਬਾਈਲ ਫ਼ੋਨਜ਼ ਅਤੇ ਇਲੈਕਟ੍ਰਾਨਿਕ ਨੂੰ ਵਧਾਵਾ ਦੇਵੇਗੀ। ਇਹ ਫੋਨ ਉਤਪਾਦਨ ਲਈ ਵਰਤੇ ਜਾਣ ਵਾਲੇ ਮਟੀਰੀਅਲ ਦੇ ਕੁੱਲ ਬਿੱਲ ਦਾ 0.1 ਤੋਂ 0.3 ਫੀਸਦ ਹੋਵੇਗਾ''।
ਮੋਬਾਈਲ ਫੋਨ ਦੇ ਚਾਰਜਰ ਜਾਂ ਐਡਾਪਟਰ ਦੇ ਪ੍ਰਿੰਟਰ ਸਰਕਿਟ ਬੋਰਡ ਅਸੈਬਲੀ (ਪੀਸੀਏ) ਦੇ ਇੰਨਪੁੱਟ ਤੇ ਪਲਾਸਟਿਕ ਪਾਰਟਜ਼ ਉਤੇ ਕਸਟਮ ਡਿਊਟੀ ਜ਼ੀਰੋ ਤੋਂ ਵਧਾ ਕੇ 10 ਫੀਸਦ ਕਰ ਦਿੱਤਾ ਗਿਆ ਹੈ। ਚਾਰਜਰ ਅਤੇ ਮੋਬਾਈਲ ਦੇ ਕੁਝ ਪੁਰਜਿਆਂ ਉਤੇ ਕਸਟਮਰ ਡਿਊਟੀ ਸਲੈਬ 2 ਫਰਵਰੀ ਤੋਂ ਲਾਗੂ ਹੋ ਗਈ।
ਕਾਊਂਟਰ ਪੁਆਇੰਟ ਰਿਸਰਚ ਦੇ ਐਸੋਸੀਏਟ ਡਾਇਰੈਕਟਰ ਤਰੁਣ ਪਾਠਕ ਨੇ ਦੱਸਿਆ ਕਿ ਇਸ ਬਜਟ 'ਚ ਇਲੈਕਟ੍ਰਾਨਿਕਸ ਦੇ ਨਿਰਮਾਣ ਤੇ ਖਾਸ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜੋ ਇੱਕ ਸ਼ਾਲਾਘਾਯੋਗ ਕਦਮ ਹੈ। ਉਨ੍ਹਾਂ ਭਵਿੱਖਬਾਣੀ ਕੀਤੀ ਕਿ ਮੋਬਾਈਲ ਫੋਨ ਦੀਆਂ ਕੀਮਤਾਂ ਵਿੱਚ 3 ਤੋਂ 4 ਫੀਸਦ ਵਾਧਾ ਹੋਣ ਦੀ ਸੰਭਾਵਨਾ ਹੈ।
ਪਿਛਲੇ ਸਾਲ ਅਕਤੂਬਰ ਮਹੀਨੇ ਇਲੈਕਟ੍ਰਾਨਿਕ ਅਤੇ ਆਈਟੀ ਮੰਤਰਾਲਾ ਨੇ ਪੀਐਲਆਈ ਯੋਜਨਾ ਦੇ ਤਹਿਤ ਭਾਰਤ ਵਿੱਚ ਮੋਬਾਈਲ ਫੋਨਜ਼ ਦੇ ਨਿਰਮਾਣ ਦੇ ਲਈ ਕੌਮਾਂਤਰੀ ਨਿਵੇਸਕਾਂ ਦੀ ਅਰਜ਼ੀ ਨੂੰ ਮਨਜ਼ੂਰੀ ਦਿੱਤੀ ਸੀ। ਜਿਨ੍ਹਾਂ 'ਚ ਸੈਮਸੰਗ, ਫ਼ਾਕਸਕੌਨ ਹੋਨ ਹੇਈ, ਪੈਗਾਟ੍ਰੌਨ, ਰਾਈਜਿੰਗ ਸਟਾਰ ਅਤੇ ਵਿਸਟ੍ਰਾਨ ਸ਼ਾਮਿਲ ਸਨ।