ਤਰਨਤਾਰਨ : ਬੀਤੀ 5 ਦਸੰਬਰ ਨੂੰ ਥਾਣਾ ਹਰੀਕੇ ਦੇ ਪਿੰਡ ਕਿਰਤੋਵਾਲ ਵਿਖੇ ਇੱਕ ਵਿਅਕਤੀ ਜਿਉਂਦੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਦੀ ਇੱਕ ਝੂਠੀ ਕਹਾਣੀ ਰਚੀ ਗਈ ਸੀ ਕਿ ਜਿਸ ਵਿਅਕਤੀ ਨੂੰ ਸਾੜਿਆ ਗਿਆ ਹੈ, ਉਹ ਅਨੂਪ ਸਿੰਘ ਸੀ, ਜੋ ਕਿ ਕਾਰ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾ ਰਿਹਾ ਸੀ।
ਹਰੀਕੇ ਪੱਤਣ ਦੀ ਪੁਲਿਸ ਨੇ ਇਸ ਮਾਮਲੇ ਨੂੰ ਕੁੱਝ ਹੀ ਘੰਟਿਆ ਵਿੱਚ ਸੁਲਝਾ ਲਿਆ ਅਤੇ ਇਸ ਮਾਮਲੇ ਵਿੱਚ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣਾ ਹਰੀਕੇ ਦੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਨੂਪ ਸਿੰਘ ਦੇ ਭਰਾ ਕਰਨਦੀਪ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ।
ਪੁਲਿਸ ਨੂੰ ਦੱਸਿਆ ਕਿ ਇਹ ਸਾਰੀ ਝੂਠੀ ਕਹਾਣੀ ਘੜੀ ਗਈ ਸੀ, ਜਿਸ ਦਾ ਮਕਸਦ ਫ਼ੈਕਟਰੀ ਦੀ ਬੀਮਾ ਪਾਲਿਸੀ ਲੈਣ ਦਾ ਸੀ ਅਤੇ ਅਨੂਪ ਸਿੰਘ ਜੋ ਕਿ 2 ਕਰੋੜ 10 ਲੱਖ ਦਾ ਕਰਜ਼ਾਈ ਵੀ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਬਾਕੀ ਦੇ ਲੋੜੀਂਦੇ ਵਿਅਕਤੀਆਂ ਨੂੰ ਵੀ ਕਾਬੂ ਕਰ ਲਿਆ ਹੈ। ਅਨੂਪ ਸਿੰਘ ਨੇ ਦੱਸਿਆ ਕਿ ਅਸੀਂ ਬੱਬਾ ਨਾਂਅ ਦੇ ਇੱਕ ਵਿਅਕਤੀ, ਜੋ ਕਿ ਸਾਡੇ ਕੋਲ 15 ਸਾਲ ਪਹਿਲਾਂ ਲੇਬਰ ਦਾ ਕੰਮ ਕਰਦਾ ਸੀ ਅਤੇ ਨਸ਼ੇ ਕਰਨ ਦਾ ਆਦੀ ਸੀ, ਨੂੰ ਜਿਉਂਦਾ ਸਾੜ ਕੇ ਮਾਰ ਦਿੱਤਾ ਹੈ।
ਪੁਲਿਸ ਨੇ ਦੱਸਿਆ ਕਿ ਅਨੂਪ ਸਿੰਘ ਜੋ ਕਿ ਘਟਨਾ ਵੇਲੇ ਤੋਂ ਹੀ ਫ਼ਰਾਰ ਸੀ, ਨੂੰ ਹਰਿਆਣਾ ਦੇ ਜ਼ਿਲ੍ਹੇ ਫਤਿਆਬਾਦ ਦੇ ਕਸਬਾ ਟੋਹਾਣਾ ਤੋਂ ਕਾਬੂ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਕਰਨ ਕਾਕਾ ਨੂੰ ਵੀ ਕਾਬੂ ਕੀਤਾ ਗਿਆ ਹੈ।
ਏਐੱਸਆਈ ਹਰਦਿਆਲ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਨੂੰ ਵਿੱਚੋਂ ਕਰਨਦੀਪ ਸਿੰਘ ਨੂੰ ਬੀਤੀ ਕੱਲ੍ਹ ਪੱਟੀ ਦੀ ਗੁਰਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕਰ ਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਹਰੀਕੇ ਪੁਲਿਸ ਨੇ ਅੱਜ ਅਨੂਪ ਸਿੰਘ ਅਤੇ ਕਰਨ ਕਾਕਾ ਨੂੰ ਵੀ ਗੁਰਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕਰ ਕੇ 12 ਦਸੰਬਰ ਦਾ ਰਿਮਾਂਡ ਹਾਸਲ ਕੀਤਾ ਹੈ।
ਏਐੱਸਆਈ ਹਰਦਿਆਲ ਸਿੰਘ ਨ੍ਹੇ ਦੱਸਿਆ ਕਿ ਅਨੂਪ ਸਿੰਘ ਦੇ ਸਿਰ 2 ਕਰੋੜ 10 ਦੇ ਕਰੀਬ ਕਰਜ਼ਾ ਸੀ, ਜਿਸ ਦੀ ਇਨਸ਼ੋਰੈਂਸ ਹੋਈ ਸੀ, ਜਿਸ ਦਾ ਕਲੇਮ ਲੈਣ ਲਈ ਕਰ ਕੇ ਅਨੂਪ ਸਿੰਘ ਨੇ ਇਹ ਸਾਰਾ ਡਰਾਮਾ ਰਚਿਆ ਅਤੇ ਹੁਣ ਅਨੂਪ ਸਿੰਘ ਅਤੇ ਕਰਨ ਕਾਕਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਪੁਲਿਸ ਵਲੋ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।