ਲੁਧਿਆਣਾ: ਸ਼ਹਿਰ ਦੇ ਰਾਹੋਂ ਰੋਡ ਉੱਤੇ ਸਥਿਤ ਮੇਹਰਬਾਨ ਥਾਣੇ ਦੇ ਨੇੜੇ ਇੱਕ ਕੱਪੜਾ ਫੈਕਟਰੀ 'ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਬੁਝਾਊ ਦਸਤੇ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਈਰ ਬ੍ਰਿਗੇਡ ਅਧਿਕਾਰੀ ਸ੍ਰਿਸ਼ਟੀ ਨਾਥ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਮੌਕੇ ਤੇ ਗੱਡੀਆਂ ਨੂੰ ਭੇਜਿਆ ਗਿਆ ਅਤੇ ਜਦੋਂ ਉਹ ਮੌਕੇ ਤੇ ਪਹੁੰਚੇ ਉਦੋਂ ਤੱਕ ਪੂਰੀ ਤਿੰਨ ਮੰਜ਼ਲਾ ਇਮਾਰਤ ਵਿੱਚ ਅੱਗ ਫੈਲ ਚੁੱਕੀ ਸੀ।
ਉਨ੍ਹਾਂ ਕਿਹਾ ਕਿ ਹੁਣ ਤੱਕ ਅੱਗ 'ਤੇ ਕਾਬੂ ਪਾਉਣ ਲਈ 15 ਤੋਂ ਵੱਧ ਗੱਡੀਆਂ ਲੱਗ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਅੱਗ ਮਹਿਜ਼ 25-30 ਫੀਸਦੀ ਹੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਅੱਗ 'ਤੇ ਕਾਬੂ ਪਾ ਲਿਆ ਜਾਵੇਗਾ।
ਅਜੇ ਤੱਕ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ। ਕੱਪੜੇ ਦੀ ਫੈਕਟਰੀ ਹੋਣ ਕਾਰਨ ਅੱਗ ਕਾਫੀ ਤੇਜ਼ੀ ਨਾਲ ਫੈਲੀ ਹੈ। ਫ਼ਿਲਹਾਲ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।