ਗੁਰਦਾਸਪੁਰ: ਦੀਨਾਨਗਰ ਦੇ ਪਿੰਡ ਝੰਡੇਚੱਕ 'ਚ ਕੁੱਝ ਲੁਟੇਰਿਆਂ ਵੱਲੋਂ ਨਕਲੀ ਪੁਲਿਸ ਬਣ ਕੇ ਇੱਕ ਦੁਕਾਨਦਾਰ ਤੋਂ 50 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਬਾਰੇ ਦੱਸਦੇ ਹੋਏ ਦੁਕਾਨਦਾਰ ਅਤੇ ਉਸ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਦੋ ਲੋਕ ਉਨ੍ਹਾਂ ਦੀ ਦੁਕਾਨ 'ਤੇ ਆਏ, ਉਨ੍ਹਾਂ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਕੋਲਡ੍ਰਿੰਕ ਦੀ ਬੋਤਲ ਮੰਗੀ।
ਜਦ ਦੁਕਾਨਦਾਰ ਨੇ ਉਨ੍ਹਾਂ ਨੂੰ ਕੋਲਡ ਡ੍ਰਿੰਕ ਫੜਾਈ ਤਾਂ ਲੁੱਟੇਰਿਆਂ ਨੇ ਉਸ 'ਤੇ ਰਿਵਾਲਰ ਤਾਣ ਦਿੱਤੀ ਤੇ ਪੈਸਿਆਂ ਦੀ ਮੰਗ ਕਰਨ ਲੱਗ ਗਏ। ਲੁੱਟੇਰੇ ਦੁਕਾਨਦਾਰ ਕੋਲੋਂ 50 ਹਜ਼ਾਰ ਰੁਪਏ, ਸੋਨੇ ਦੀ ਇੱਕ ਚੈਨ, 2 ਮੋਬਾਈਲ, ਦੁਕਾਨ ਉੱਤੇ ਲੱਗੇ ਸੀਸੀਟੀਵੀ ਕੈਮਰੇ ਦੀ ਹਾਰਡ ਡਿਸਕ ਲੁੱਟ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਨ੍ਹਾਂ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਦੁਕਾਨਦਾਰ ਨੇ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ।
ਘਟਨਾ ਦਾ ਜਾਇਜ਼ਾ ਲੈਣ ਪੁੱਜੇ ਐਸਪੀ ਨਵਜੋਤ ਸਿੰਘ ਨੇ ਦੱਸਿਆ ਕੁੱਝ ਲੁਟੇਰਿਆਂ ਨੇ ਹਥਿਆਰ ਵਿਖਾ ਕੇ ਦੁਕਾਨਦਾਰ ਤੋਂ ਲੁੱਟ ਕੀਤੀ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਲੁਟੇਰਿਆਂ ਦੀ ਰਿਵਾਲਵਰ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।