ਅੰਮ੍ਰਿਤਸਰ: ਦੇਸ਼ 'ਚ ਤਾਲਾਬੰਦੀ ਦੇ ਚਲਦੇ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਫਸੇ ਹੋਏ ਹਨ। ਸਾਰੇ ਕਾਰੋਬਾਰ ਬੰਦ ਹੋਣ ਕਾਰਨ ਨਿਰਾਸ਼ ਇਹ ਪ੍ਰਵਾਸੀ ਮਜ਼ਦੂਰ ਆਪੋਂ -ਆਪਣੇ ਸੂਬਿਆਂ 'ਚ ਵਾਪਸ ਜਾਣਾ ਚਾਹੁੰਦੇ ਹਨ।
ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਭੇਜਣ ਦੀ ਪ੍ਰਕੀਰਿਆ ਸ਼ੁਰੂ ਹੋ ਚੁੱਕੀ ਹੈ। ਜਿਸ ਦੇ ਚਲਦੇ ਇਨ੍ਹਾਂ ਮਜ਼ਦੂਰਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਭਰਨ ਤੇ ਕੋਵਿਡ-19 ਸਬੰਧਤ ਥਰਮਲ ਸਕ੍ਰੀਨਿੰਗ ਕਰਵਾਉਣਾ ਲਾਜ਼ਮੀ ਹੈ। ਸ਼ਹਿਰ 'ਚ ਇੱਕ ਦੁਕਾਨਦਾਰ ਤੇ ਉਸ ਦੇ ਏਜੰਟ ਵੱਲੋਂ ਪ੍ਰਵਾਸੀ ਮਜ਼ਦੂਰਾਂ ਤੋਂ ਆਨਲਾਈਨ ਫਾਰਮ ਭਰਨ ਦੇ ਨਾਂ 'ਤੇ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਾਰਮ ਭਰਨ ਦੇ ਨਾਂਅ 'ਤੇ ਦੁਕਾਨਦਾਰ ਤੇ ਉਸ ਦੇ ਏਜੰਟ ਵੱਲੋਂ ਮਜ਼ਦੂਰਾਂ ਤੋਂ ਫਾਰਮ ਭਰਨ ਲਈ 50-50 ਰੁਪਏ ਵਸੂਲੇ ਜਾ ਰਹੇ ਸਨ।
ਇੱਕ ਮਜ਼ਦੂਰ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਜਦ ਪੱਤਰਕਾਰ ਤੇ ਪੁਲਿਸ ਮੌਕੇ 'ਤੇ ਪੁਜੀ ਤਾਂ ਉਕਤ ਦੁਕਾਨਦਾਰ ਦੁਕਾਨ ਬੰਦ ਕਰਕੇ ਫਰਾਰ ਹੋ ਗਿਆ, ਪਰ ਉਸ ਦੇ ਨਾਲ ਕੰਮ ਕਰਨ ਵਾਲੇ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਏਜੰਟ ਨੇ ਦੱਸਿਆ ਕਿ ਉਹ ਫਾਰਮ ਭਰਨ ਦੀ ਰਕਮ ਚੋਂ ਮਹਿਜ 20 ਰੁਪਏ ਪ੍ਰਤੀ ਫਾਰਮ ਰੱਖਦਾ ਹੈ ਜਦਕਿ ਬਾਕੀ ਦੇ 30 ਰੁਪਏ ਪ੍ਰਤੀ ਫਾਰਮ ਦੁਕਾਨਦਾਰ ਰੱਖਦਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ, ਮੁਲਜ਼ਮ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਵਿਅਕਤੀ ਨੂੰ ਇਹ ਫਾਰਮ ਵੇਚਣ ਦੀ ਆਗਿਆ ਨਹੀਂ ਦਿੱਤੀ ਗਈ ਹੈ।