ਲੰਡਨ: ਇਸਲਾਮਿਕ ਸਟੇਟ ਨੇ ਲੰਡਨ ਬ੍ਰਿਜ 'ਤੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸ਼ੁੱਕਰਵਾਰ ਨੂੰ ਹੋਈ ਇਸ ਘਟਨਾ ਵਿੱਚ ਹਮਲਾਵਰ ਪੁਲਿਸ ਦੀ ਕਾਰਵਾਈ ਵਿੱਚ ਮਾਰਿਆ ਗਿਆ ਸੀ। ਦੱਸਣਯੋਗ ਹੈ ਕਿ ਹਮਲੇ ਵਿੱਚ ਜ਼ਖਮੀ ਹੋਏ 2 ਲੋਕਾਂ ਦੀ ਮੌਤ ਹੋ ਗਈ ਸੀ।
ਆਈਐੱਸ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਈ ਦੇਸ਼ਾਂ ਦੇ ਸਮੂਹਾਂ ਦਾ ਜ਼ਿਕਰ ਕਰਦਿਆਂ ਕਿਹਾ, "ਲੰਡਨ ਬ੍ਰਿਜ 'ਤੇ ਹਮਲਾ ਕਰਨ ਵਾਲਾ ਵਿਅਕਤੀ ਇਸਲਾਮਿਕ ਸਟੇਟ ਦਾ ਲੜਾਕੂ ਸੀ ਅਤੇ ਗੱਠਜੋੜ ਦੇਸ਼ਾਂ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਮੰਗਾਂ ਦੇ ਜਵਾਬ ਵਿੱਚ ਅਜਿਹਾ ਕੀਤਾ ਸੀ।" ਹਮਲਾਵਰ ਵੱਲੋਂ ਆਈਐੱਸ ਵੱਲੋਂ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ।
ਲੰਡਨ ਦੀ ਪੁਲਿਸ ਕਾਉਂਟਰ ਟੈਰੋਰਿਜ਼ਮ ਟੀਮ ਦੇ ਮੁਖੀ ਨੀਲ ਬਾਸੂ ਨੇ ਮੀਡੀਆ ਨੂੰ ਦੱਸਿਆ ਸੀ ਕਿ ਹਮਲਾਵਰ ਦੀ ਪਛਾਣ 28 ਸਾਲਾ ਉਸਮਾਨ ਖਾਨ ਵਜੋਂ ਹੋਈ ਹੈ। ਖਾਨ ਨੂੰ 2012 ਵਿੱਚ ਅੱਤਵਾਦੀ ਕਾਰਵਾਈਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸਨੂੰ ਸਾਲ 2018 ਵਿੱਚ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ।
ਦੱਸਣਯੋਗ ਹੈ ਸ਼ੁੱਕਰਵਾਰ ਨੂੰ ਬ੍ਰਿਟੇਨ ਦੇ ਮਸ਼ਹੂਰ ਲੰਡਨ ਬ੍ਰਿਜ 'ਤੇ ਉਸਮਾਨ ਖਾਨ ਨੇ ਛੁਰਾ ਮਾਰਨ ਦੀ ਘਟਨਾ ਨੂੰ ਅੰਜਾਮ ਦਿੱਤਾ। ਉਸ ਨੇ ਪੁਲ 'ਤੇ 5 ਲੋਕਾਂ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਵਿਚੋਂ 2 ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਨੇ ਕਾਰਵਾਈ ਕੀਤੀ ਅਤੇ ਉਸ ਨੂੰ ਮੌਕੇ 'ਤੇ ਢੇਰ ਕਰ ਦਿੱਤਾ।