ਕਾਬੁਲ: ਅਫ਼ਗਾਨਿਸਤਾਨ ਦੇ ਦੱਖਣ 'ਚ ਸਥਿਤ ਕਾਂਧਾਰ ਸੂਬੇ 'ਚ ਇੱਕ ਵਿਸਫੋਟਕ ਹੋਣ ਕਾਰਨ ਅਮਰੀਕਾ ਦੇ ਦੋ ਫੌਜੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਫੌਜੀ ਜ਼ਖਮੀ ਹੋ ਗਏ। ਗਠਜੋੜ ਸੈਨਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਨਿਊਜ਼ ਏਜੰਸੀ ਸਿਨਹੁਆ ਅਨੁਸਾਰ, ਨਾਟੋ ਦੀ ਅਗਵਾਈ ਵਾਲੀ Resolute Support Mission ਸੈਨਾ ਨੇ ਸ਼ਨਿਵਾਰ ਨੂੰ ਇੱਕ ਬਿਆਨ 'ਚ ਕਿਹਾ, ਕਾਂਧਾਰ ਪ੍ਰਾਂਤ 'ਚ ਅਮਰੀਕਾ ਦੇ ਸੈਨਿਕਾਂ ਦਾ ਵਾਹਨ ਇੱਕ ਆਈਈਡੀ ਨਾਲ ਟਕਰਾ ਗਿਆ ਤੇ ਉਸ 'ਚ ਵਿਸਫੋਟ ਹੋ ਗਿਆ ਜਿਸ ਕਾਰਨ ਦੋ ਸੈਨਿਕਾਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ।
ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਅੱਤਵਾਦੀਆਂ ਨੇ ਲਈ ਹੈ। ਤਾਲਿਬਾਨ ਦੇ ਕਥਿਤ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਟਵਿੱਟਰ 'ਤੇ ਲਿਖਿਆ ਕਿ ਵਿਦਰੋਹੀਆ ਨੇ ਵਿਦੇਸ਼ੀ ਸੈਨਾ ਵਿਰੁੱਧ ਕਾਂਧਾਰ ਸਿਟੀ ਬਾਹਰ ਇੱਕ ਏਅਰਬੇਸ ਨੇੜੇ ਰੋਡਸਾਈਡ ਬੰਬ ਲਗਾਇਆ ਸੀ।
ਸੁਰੱਖਿਆ ਬਲਾਂ 'ਤੇ ਹਮਲਾ ਕਰਨ ਲਈ ਰੋਡਸਾਈਡ ਬੰਬ ਬਣਾਉਣ ਤੇ ਬਾਰੂਦੀ ਸੁਰੰਗ ਬਣਾਉਣ ਲਈ ਤਾਲੀਬਾਨ ਦੇ ਅੱਤਵਾਦੀ ਦੇਸ਼ੀ ਬੰਬ (ਆਈਈਡੀ) ਦਾ ਇਸਤੇਮਾਲ ਕਰਦੇ ਰਹੇ ਹਨ।
ਜ਼ਿਕਰਯੋਗ ਹੈ ਤਾਲਿਬਾਨ ਦਾ ਗੜ੍ਹ ਰਹਿ ਚੁੱਕੇ ਕਾਂਧਾਰ 'ਚ ਸੁਰੱਖਿਆ ਸਥਿਤੀ ਕੁੱਝ ਮਹੀਨਿਆਂ ਤੋਂ ਬੇਹਤਰ ਹੋਈ ਹੈ। ਸੁਰੱਖਿਆ ਬਲਾਂ ਨੇ ਪੂਰੇ ਪ੍ਰਾਂਤ 'ਚ ਤਲਾਸ਼ੀ ਅਭਿਆਨ ਚਲਾਇਆ ਹੈ। ਹਾਲਾਂਕਿ ਅੱਤਵਾਦੀ ਸਮੇਂ-ਸਮੇਂ ਤੇ ਸਰਕਾਰੀ ਜਾਇਦਾਦਾਂ ਤੇ ਲੋਕਾਂ ਤੇ ਹਮਲਾ ਕਰਦੇ ਰਹਿੰਦੇ ਹਨ।