ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੰਗਲਵਾਰ ਨੂੰ ਮੁੜ ਤੋਂ ਭਾਰਤ ਖਿਲਾਫ਼ ਭੜਕਾਊ ਭਾਸ਼ਣ ਦਿੱਤਾ। ਖ਼ਾਨ ਨੇ ਕਿਹਾ, "ਭਾਰਤ ਫਾਸੀਵਾਦ ਅਤੇ ਅੱਤਵਾਦ ਦੇ ਰਾਹ ਤੇ ਅੱਗੇ ਵਧ ਰਿਹਾ ਹੈ ਅਤੇ ਜੇ ਇਸ ਨੇ ਇਹ ਰਾਹ ਨਾ ਛੱਡਿਆ ਤਾਂ ਇਸ ਦੇ ਕਈ ਟੁਕੜੇ ਹੋ ਜਾਣਗੇ।"
ਐਕਸਪ੍ਰੈਸ ਨਿਊਜ਼ ਦੀ ਰਿਪੋਰਟ ਮੁਤਾਬਕ, ਮਲੇਸ਼ੀਆ ਦੌਰਾਨ ਤੇ ਆਏ ਇਮਰਾਨ ਖ਼ਾਨ ਨੇ ਐਡਵਾਂਸ ਇਸਲਾਮਿਕ ਸਟੱਡੀਜ਼ ਇੰਸੀਟਿਊਟ ਵਿੱਚ ਆਪਣੇ ਸੰਬੋਧਨ ਦੌਰਾਨ ਇਹ ਗੱਲ ਕਹੀ। ਇੱਕ ਸਵਾਲ ਦੇ ਜਵਾਬ ਵਿੱਚ ਖ਼ਾਨ ਨੇ ਕਿਹਾ, "ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ, ਮੈਂ ਸਭ ਤਂ ਪਹਿਲਾਂ ਭਾਰਤ ਨਾਲ ਸੰਪਰਕ ਕੀਤਾ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਾਥ ਦੇ ਯਕੀਨ ਦਵਾਉਂਦੇ ਕਿਹਾ ਸੀ ਕਿ ਅਸੀਂ ਆਪਣੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਜੋ ਕੁਝ ਹੋ ਸਕਦਾ ਹੈ ਕਰਾਂਗੇ, ਕਿਉਂਕਿ ਸਭ ਤੋਂ ਗ਼ਰੀਬ ਲੋਕ ਸਾਡੇ ਇਲਾਕੇ ਵਿੱਚ ਹੀ ਰਹਿੰਦੇ ਹਨ।"
ਇਮਰਾਨ ਨੇ ਕਿਹਾ, "ਇਲਾਕੇ ਵਿੱਚੋਂ ਗ਼ਰੀਬੀ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਦੋਵੇਂ ਦੇਸ਼ ਆਪਸ ਵਿੱਚ ਵਪਾਰ ਕਰਨ, ਤਣਾਅ ਜਿੰਨਾ ਘੱਟ ਹੋਵੇਗਾ, ਦੋਵੇਂ ਦੇਸ਼ ਉਨ੍ਹਾਂ ਘੱਟ ਹੀ ਰੱਖਿਆ ਤੇ ਖ਼ਰਚ ਕਰਨਗੇ ਅਤੇ ਵਪਾਰ ਤੇ ਜ਼ਿਆਜਾ ਖ਼ਰਚ ਕਰਨਗੇ, ਇਸ ਨਾਲ ਖੁਸ਼ਹਾਲੀ ਆਵੇਗੀ।"
ਖ਼ਾਨ ਨੇ ਕਿਹਾ, "ਭਾਰਤ ਵੱਲੋਂ ਸਾਡੀ ਪੇਸ਼ਕਸ਼ ਨੂੰ ਲਗਾਤਾਰ ਠੁਕਰਾਇਆ ਜਾ ਰਿਹਾ ਹੈ ਜਿਸ ਦੀ ਕੋਈ ਵਾਜਬ ਵਜ੍ਹਾ ਨਹੀਂ ਹੈ ਬਲਕਿ ਵਜ੍ਹਾ ਇਹ ਹੈ ਕਿ ਭਾਰਤ ਤੇ ਇੱਕ ਅੱਤਵਾਦੀ ਵਿਚਾਰਧਾਰਾ ਨੇ ਕਬਜ਼ਾ ਕਰ ਲਿਆ ਹੈ। ਜੋ ਕੁਝ ਵੀ ਭਾਰਤ ਵਿੱਚ ਹੋ ਰਿਹਾ ਹੈ ਉਹ ਭਾਰਤ ਦੀ ਜਨਤਾ ਲਈ ਬੜਾ ਹੀ ਖ਼ਤਰਨਾਕ ਹੈ ਅਤੇ ਇਸ ਨਾਲ ਭਾਰਤ ਦੇ ਕਈ ਟੁਕੜੇ ਹੋ ਜਾਣਗੇ।"
ਪਾਕਿਸਤਾਨ ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਵਿੱਚ ਇੱਕ ਵੱਡਾ ਘੱਟ ਗਿਣਤੀ ਤਬਕਾ ਮੌਜੂਦ ਹੈ ਅਤੇ ਹਿੰਦੂਤਵ ਫਾਸੀਵਾਦੀ ਵਿਚਾਰਧਾਰਾ ਨੇ 50 ਕਰੋੜ ਲੋਕਾਂ ਨੂੰ ਵੱਖ ਕਰ ਦਿੱਤਾ ਹੈ ਜੇ ਐਵੇਂ ਹੀ ਹੁੰਦਾ ਰਿਹਾ ਤਾਂ ਇਨ੍ਹਾਂ ਨੂੰ ਅੱਗੇ ਕਈ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਭਾਰਤ ਵਿੱਚ ਅੱਤਵਾਦ ਦਾ ਜਿੰਨ ਇੱਕ ਵਾਰ ਬੋਤਲ ਤੋਂ ਬਾਹਰ ਆ ਗਿਆ ਤਾਂ ਉਸ ਨੂੰ ਮੁੜ ਬੋਤਲ ਵਿੱਚ ਪਾਉਣਾ ਔਖਾ ਹੋ ਜਾਵੇਗਾ।"
ਖ਼ਾਨ ਨੇ ਕਿਹਾ ਕਿ ਉਹ ਇੱਕ ਵਾਰ ਮੁੜ ਤੋਂ ਭਾਰਤ ਨੂੰ ਗੱਲਬਾਤ ਕਰਨ ਲਈ ਕਹਿ ਰਹੇ ਹਨ।
ਜ਼ਿਕਰ ਕਰ ਦਈਏ ਕਿ ਭਾਰਤ ਨੇ ਹਮੇਸ਼ਾ ਹੀ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਅਤੇ ਭਾਰਤ ਵਿੱਚ ਅੱਤਵਾਦੀ ਹਮਲਿਆਂ ਦੀਆਂ ਸਾਜ਼ਸ਼ਾਂ ਨੂੰ ਰਚਨਾ ਬੰਦ ਕਰ ਦੇਵੇ ਇਸ ਤੋਂ ਬਾਅਦ ਉਹ ਪਾਕਿਸਤਾਨ ਨਾਲ ਗੱਲ ਕਰਨ ਲਈ ਤਿਆਰ ਹੈ।