ਨਵੀਂ ਦਿੱਲੀ : ਭਾਰਤ ਨੇ ਪਾਕਿਸਤਾਨ ਦੀ ਕੌਨਸੁਲਰ ਐਕਸੈੱਸ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ। ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਦੀ ਕੁਲਭੂਸ਼ਣ ਜਾਧਵ ਨਾਲ ਕਿਸੀ ਅਣਪਛਾਤੀ ਥਾਂ 'ਤੇ ਮੁਲਾਕਾਤ ਚੱਲ ਰਹੀ ਹੈ। ਸੂਤਰਾਂ ਮੁਤਾਬਕ ਇਨ੍ਹਾਂ ਦੋਹਾਂ ਦੀ ਮੁਲਾਕਾਤ ਲਗਭਗ 2 ਘੰਟਿਆਂ ਤੱਕ ਚੱਲ ਸਕਦੀ ਹੈ। ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨੂੰ ਕੌਨਸੁਲਰ ਐਕਸੈੱਸ ਦੇਣ ਲਈ ਕਿਸੇ ਵੀ ਤਰ੍ਹਾਂ ਦੀ ਸ਼ਰਤ ਨਹੀਂ ਰੱਖੀ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨੂੰ ਕੌਨਸੁਲਰ ਐਕਸੈੱਸ ਦੀ ਮਨਜ਼ੂਰੀ ਦਿੱਤੀ ਹੈ। ਪਾਕਿਸਤਾਨ ਕੁਲਭੂਸ਼ਣ ਜਾਧਵ ਨੂੰ ਕੌਮਾਂਤਰੀ ਨਿਯਮਾਂ ਤਹਿਤ ਕੌਨਸੁਲਰ ਐਕਸੈੱਸ ਦਿੱਤਾ ਗਿਆ ਹੈ। ਕੁਲਭੂਸ਼ਣ ਜਾਧਵ ਨੂੰ ਇਹ ਐਕਸੈੱਸ ਵਿਯਨਾ ਕਨਵੈਨਸ਼ਨ, ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ (ਆਈ.ਸੀ.ਜੇ.) ਦੇ ਫੈਸਲੇ ਅਤੇ ਪਾਕਿਸਤਾਨ ਦੇ ਕਾਨੂੰਨਾਂ ਦੇ ਮੁਤਾਬਕ ਦਿੱਤਾ ਜਾ ਰਿਹਾ ਹੈ।
ਕੁਲਭੂਸ਼ਣ ਜਾਧਵ ਨੂੰ ਜਾਸੂਸੀ ਤੇ ਅੱਤਵਾਦ ਦੇ ਦੋਸ਼ਾਂ ਵਿੱਚ ਪਾਕਿਸਤਾਨ ਦੀ ਇੱਕ ਮਿਲਟਰੀ ਕੋਰਟ ਨੇ ਅਪ੍ਰੈਲ 2017 ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਭਾਰਤ ਨੇ ਹੇਗ ਸਥਿਤ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਦਾ ਰੁਖ਼ ਕੀਤਾ ਤੇ ਸਜ਼ਾ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।
ਜੁਲਾਈ ਵਿੱਚ ਹੇਗ ਸਥਿਤ ਆਈਸੀਜੇ ਨੇ ਪਾਕਿਸਤਾਨ ਨੂੰ ਭਾਰਤ ਨੂੰ ਬਿਨਾਂ ਕਿਸੇ ਦੇਰੀ ਦੇ ਜਾਧਵ ਤੱਕ ਕੌਨਸੁਲਰ ਦੇਣ ਦਾ ਆਦੇਸ਼ ਦਿੱਤਾ ਸੀ। ਉਸ ਤੋਂ ਬਾਅਦ ਪਾਕਿ ਵਿਦੇਸ਼ੀ ਮੰਤਰਾਲੇ ਨੇ ਕੌਨਸੁਲਰ ਐਕਸੈੱਸ ਦੇਣ ਦੀ ਗੱਲ ਕਹੀ ਸੀ। ਕੁਲਭੂਸ਼ਣ ਜਾਧਵ ਨੂੰ ਦੂਤਘਰ ਦੀ ਮਦਦ ਦੇਣ ਦੇ ਪਾਕਿਸਤਾਨ ਦੇ ਵਾਅਦੇ ਤੋਂ ਤਕਰੀਬਨ 6 ਹਫ਼ਤੇ ਬਾਅਦ ਇਸਲਾਮਾਬਾਦ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਸ ਮੁੱਦੇ ‘ਤੇ ਭਾਰਤ ਨਾਲ ਸੰਪਰਕ ਵਿੱਚ ਹੈ।