ਕਾਬੁਲ: ਅਫ਼ਗਾਨਿਸਤਾਨ ਦੇ ਕਾਬੁਲ 'ਚ ਸਨਿੱਚਰਵਾਰ ਨੂੰ ਇੱਕ ਵਿਆਹ ਸਮਾਗਮ ਵਿੱਚ ਆਤਮਘਾਤੀ ਧਮਾਕਾ ਹੋਇਆ ਜਿਸ ਵਿੱਚ ਤਕਰੀਬਨ 63 ਲੋਕ ਮਾਰੇ ਗਏ, ਜਦਕਿ 180 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਦੱਸਣਯੋਗ ਹੈ ਕਿ ਇਹ ਘਟਨਾ ਦਾਰੂਲਮਾਨ ਖੇਤਰ ਵਿੱਚ ਵਾਪਰੀ ਹੈ। ਇਥੇ ਘੱਟ ਗਿਣਤੀ ਸ਼ੀਆ ਹਜ਼ਾਰਾ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਰਹਿੰਦੇ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੁਸਰਤ ਰਹੀਮੀ ਦੇ ਅਨੁਸਾਰ ਇਹ ਘਟਨਾ ਸਨਿੱਚਰਵਾਰ ਰਾਤ ਨੂੰ ਸਥਾਨਕ ਸਮੇਂ ਅਨੁਸਾਰ ਰਾਤ 10.40 ਵਜੇ ਵਾਪਰੀ।
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਧਮਾਕੇ ਦੇ ਸਮੇਂ ਵਿਆਹ ਹਾਲ ਵਿੱਚ ਕਈ ਮਹਿਮਾਨ ਮੌਜੂਦ ਸਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹੁਣ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਜ਼ਿਕਰਯੋਹਗ ਹੈ ਕਿ ਕਾਬੁਲ ਵਿੱਚ ਇਸੇ ਮਹੀਨੇ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 8 ਅਗਸਤ ਨੂੰ ਵੀ ਇੱਕ ਧਮਾਕਾ ਹੋਇਆ ਸੀ ਜਿਸ ਵਿੱਚ 14 ਲੋਕ ਮਾਰੇ ਗਏ ਸਨ, ਜਦਕਿ 145 ਜ਼ਖਮੀ ਹੋਏ ਸਨ। ਦੱਸ ਦੇਈਏ ਅਫ਼ਗਾਨਿਸਤਾਨ ਵਿੱਚ 28 ਸਤੰਬਰ ਨੂੰ ਚੋਣਾਂ ਹੋਣੀਆਂ ਹਨ।