ਢਾਕਾ : ਬੰਗਲਾਦੇਸ਼ 'ਚ ਇੱਕ ਵਿਅਕਤੀ ਨੇ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਪਾਇਲਟ ਦੀ ਸੂਝਬੂਝ ਨਾਲ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਫੜਿਆ ਗਿਆ। ਸਾਰੇ ਯਾਤਰੀ ਸੁਰੱਖਿਅਤ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਬੰਗਲਾਦੇਸ਼ ਏਅਰਲਾਈਨਜ਼ ਦਾ ਜਹਾਜ਼ ਬੋਇੰਗ 737 ਢਾਕਾ ਤੋਂ ਚਿਟਗਾਂਵ ਹੁੰਦੇ ਹੋਏ ਦੁਬਈ ਦੀ ਉਡਾਣ 'ਤੇ ਸੀ। ਚਿਟਗਾਂਵ ਤੋਂ ਉਡਾਣ ਭਰਦੇ ਹੀ ਵਿਅਕਤੀ ਨੇ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਪਾਇਲਟ ਤੁਰੰਤ ਜਹਾਜ਼ ਨੂੰ ਵਾਪਸ ਚਿਟਗਾਂਵ ਹਵਾਈ ਅੱਡੇ ਲੈ ਗਿਆ ਜਿੱਥੇ ਫ਼ੌਜ, ਨੇਵੀ ਤੇ ਪੁਲਿਸ ਦੇ ਜਵਾਨਾਂ ਨੇ ਪੂਰੇ ਜਹਾਜ਼ ਨੂੰ ਘੇਰ ਲਿਆ।
ਬੰਗਲਾਦੇਸ਼ ਦੇ ਏਅਰ ਵਾਈਸ ਮਾਰਸ਼ਲ ਅਬਦੁਲ ਮਤੀਨ ਨੇ ਦੱਸਿਆ ਕਿ ਜਹਾਜ਼ ਨੂੰ ਹਾਈਜੈਕ ਕਰਨ ਵਾਲੇ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਵਿਦੇਸ਼ੀ ਨਾਗਰਿਕ ਹੈ। ਉਸ ਕੋਲ ਇਕ ਬੰਦੂਕ ਸੀ।
ਚਸ਼ਮਦੀਦਾਂ ਮੁਤਾਬਕ ਚਿਟਗਾਂਵ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਫਲਾਈਟ ਬੀਜੀ-147 ਨੇ ਵਾਪਸ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ 'ਚ ਕੁੱਲ 142 ਯਾਤਰੀ ਸਵਾਰ ਸਨ। ਸਾਰਿਆਂ ਨੂੰ ਐਮਰਜੈਂਸੀ ਦਰਵਾਜ਼ੇ ਰਾਹੀਂ ਬਾਹਰ ਕੱਢਿਆ ਗਿਆ। ਪਾਇਲਟ ਤੇ ਸਹਿਯੋਗੀ ਪਾਇਲਟ ਵੀ ਸੁਰੱਖਿਅਤ ਜਹਾਜ਼ 'ਚੋਂ ਬਾਹਰ ਆਏ।