ਲਾਹੌਰ: ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਵਿੱਚ ਕੋਰੋਨਾ ਵਾਇਰਸ ਦੇ ਇੱਕ ਹੀ ਦਿਨ ਵਿੱਚ 9 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨੂੰ ਮਿਲਾ ਕੇ ਸਿੰਧ ਵਿੱਚ ਹੁਣ ਤੱਕ ਇਸ ਬਿਮਾਰੀ ਨਾਲ ਪੀੜਤ 13 ਮਾਮਲੇ ਸਾਹਮਣੇ ਆ ਚੁੱਕੇ ਹਨ। ਪੂਰੇ ਪਾਕਿਸਤਾਨ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ।
ਪਾਕਿਸਤਾਨ ਮੀਡੀਆ ਮੁਤਾਬਕ, ਕਰਾਚੀ ਵਿੱਚ ਕੋਰੋਨਾ ਇੱਕੋ ਦਿਨ 9 ਮਾਮਲੇ ਸਾਹਮਣੇ ਆਉਣ ਨਾਲ ਹਲਚਲ ਮੱਚ ਗਈ। ਲੰਘੇ ਮਹੀਨੇ ਬਿਮਾਰੀ ਦੇ ਉਜਾਗਰ ਹੋਣ ਤੋਂ ਬਾਅਦ ਪਾਕਿਸਤਾਨ ਵਿੱਚ ਇੱਕ ਹੀ ਦਿਨ ਵਿੱਚ ਇਸ ਦੇ ਐਨੇ ਮਰੀਜ਼ ਪਹਿਲੀ ਵਾਰ ਸਾਹਮਣੇ ਆਏ ਹਨ।
ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਦੇ ਵਿਸ਼ੇਸ਼ ਸਲਾਹਕਾਰ ਡਾ. ਜ਼ਫਰ ਮਿਰਜ਼ਾ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਇਨ੍ਹਾਂ ਸਾਰੇ ਮਰੀਜ਼ਾਂ ਨੇ ਵਿਦੇਸ਼ ਯਾਤਰਾ ਕੀਤੀ ਸੀ। ਇਨ੍ਹਾਂ ਲੋਕਾਂ ਨੇ ਖ਼ੁਦ ਸਿਹਤ ਅਧਿਕਾਰੀ ਤੱਕ ਪਹੁੰਚ ਕੀਤੀ ਸੀ ਜਿਸ ਤੋਂ ਇਹ ਪਤਾ ਲੱਗਿਆ ਕਿ ਇਹ ਲੋਕ ਵੀ ਵਾਇਰਸ ਨਾਲ ਪੀੜਤ ਹਨ।
ਸਿੰਧ ਦੇ ਸਿਹਤ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ 9 ਲੋਕ ਹਾਲ ਵਿੱਚ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਮਿਲ ਹਨ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।