ਵਾਸ਼ਿੰਗਟਨ: ਅਮਰੀਕਾ ਵੱਲੋਂ ਬਣਾਏ ਗਏ ਨਵੇਂ ਵੀਜ਼ਾ ਨਿਯਮਾਂ ਕਾਰਨ ਅਮਰੀਕਾ ਵੱਸਣ ਦੇ ਚਾਹਵਾਨ ਲੋਕਾਂ ਨੂੰ ਸਿਹਤ ਬੀਮਾ ਅਤੇ ਮੈਡੀਕਲ ਖ਼ਰਚੇ ਚੁੱਕਣੇ ਪੈਣਗੇ। ਅਮਰੀਕਾ ਨੇ ਸਿਹਤ ਬੀਮਾ ਅਤੇ ਮੈਡੀਕਲ ਸਬੰਧੀ ਆਪਣੇ ਖ਼ਰਚੇ ਨਾ ਝੱਲ ਸਕਣ ਵਾਲੇ ਪ੍ਰਵਾਸੀਆਂ ਨੂੰ ਵੀਜ਼ਾ ਨਾ ਦੇਣ ਦਾ ਫ਼ੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਇਹ ਨਵੇਂ ਨਿਯਮ ਤਿੰਨ ਨਵੰਬਰ ਤੋਂ ਲਾਗੂ ਹੋਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਆਪਣੇ ਬਿਆਨ ਵਿੱਚ ਕਿਹਾ ਕਿ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਲੋਕ ਸਾਡੀ ਸਿਹਤ ਪ੍ਰਣਾਲੀ ਉੱਤੇ ਬੋਝ ਨਹੀਂ ਹੋਣੇ ਚਾਹੀਦੇ। ਇਸ ਲਈ ਨਵੇਂ ਵੀਜ਼ਾ ਨਿਯਮਾਂ ਮੁਤਾਬਕ ਨਵਾਂ ਵੀਜ਼ਾ ਹਾਸਲ ਕਰਨ ਵਾਲੇ ਬਿਨੈਕਾਰਾਂ ਲਈ ਅਮਰੀਕਾ ਪਹੁੰਚਣ 'ਤੇ 30 ਦਿਨਾਂ ਅੰਦਰ ਹੀ ਸਿਹਤ ਬੀਮਾ ਕਰਵਾਉਣਾ ਲਾਜ਼ਮੀ ਹੋਵੇਗਾ।
ਇਨ੍ਹਾਂ ਨਵੇਂ ਆਦੇਸ਼ਾਂ ਮੁਤਾਬਕ ਅਮਰੀਕਾ ਵਿੱਚ ਪ੍ਰਵਾਸੀ ਲੋਕਾਂ ਦੇ ਦਾਖ਼ਲੇ ਨੂੰ ਸੀਮਤ ਕਰ ਦਿੱਤਾ ਗਿਆ ਹੈ। ਅਜਿਹਾ ਕਰਨ ਨਾਲ ਹੋਰਨਾਂ ਦੇਸ਼ਾਂ ਤੋਂ ਆਏ ਪ੍ਰਵਾਸੀ ਲੋਕ ਅਮਰੀਕਾ ਦੇ ਟੈਕਸ ਭੁਗਤਾਨ ਕਰਨ ਵਾਲਿਆਂ 'ਤੇ ਬੋਝ ਨਹੀਂ ਬਣਨਗੇ ਅਤੇ ਇਸ ਨਾਲ ਟੈਕਸ ਭੁਗਤਾਨ ਕਰਨ ਵਾਲੇ ਲੋਕਾਂ ਉੱਤੇ ਟੈਕਸ ਦਾ ਬੋਝ ਵੀ ਘਟੇਗਾ।
ਟਰੰਪ ਸਰਕਾਰ ਦਾ ਮੰਨਣਾ ਹੈ ਕਿ ਬਾਹਰੋਂ ਆਉਣ ਵਾਲੇ ਪ੍ਰਵਾਸੀ ਉਨ੍ਹਾਂ ਦੀ ਸਿਹਤ ਸੰਭਾਲ ਪ੍ਰਣਾਲੀ 'ਤੇ ਬੋਝ ਬਣ ਰਹੇ ਹਨ। ਪਿਛਲੇ 10 ਸਾਲਾਂ ਤੋਂ ਉਨ੍ਹਾਂ ਦੀ ਸਰਕਾਰ ਨੂੰ 35 ਬਿਲੀਅਨ ਡਾਲਰ ਖ਼ਰਚ ਕਰਨੇ ਪੈ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੈਰ ਨਾਗਰਿਕ ਵੱਡੀ ਗਿਣਤੀ 'ਚ ਲਿਬਰਲ ਸਿਹਤ ਸੰਭਾਲ ਪ੍ਰੋਗਰਾਮਾਂ ਦਾ ਲਾਭ ਲੈ ਜਾਂਦੇ ਹਨ ਜਦਕਿ ਨਾਗਰਿਕ ਇਸ ਤੋਂ ਵਾਂਝੇ ਰਹਿ ਜਾਂਦੇ ਹਨ।ਇਸ ਨਵੇਂ ਨਿਯਮ ਦਾ ਮੁੱਖ ਮਕਸਦ ਅਮਰੀਕਾ ਵਿੱਚ ਲਗਾਤਾਰ ਵੱਧ ਰਹੇ ਪ੍ਰਵਾਸੀਆਂ ਦੇ ਬੋਝ ਨੂੰ ਘੱਟ ਕਰਨਾ ਹੈ। ਇਹ ਨਿਯਮ ਸ਼ਰਨਾਰਥੀਆਂ ਅਤੇ ਪਹਿਲਾਂ ਤੋਂ ਰਹਿ ਰਹੇ ਗ੍ਰੀਨ ਕਾਰਡ ਹੋਲਡਰਾਂ ਉੱਤੇ ਲਾਗੂ ਨਹੀਂ ਹੁੰਦਾ।
ਇਨ੍ਹਾਂ ਨਵੇਂ ਨਿਯਮਾਂ ਨਾਲ ਲਗਭਗ 23 ਹਜ਼ਾਰ ਭਾਰਤੀ ਲੋਕਾਂ ਪ੍ਰਭਾਵਤ ਹੋ ਸਕਦੇ ਹਨ। ਨਵਾਂ ਵੀਜ਼ਾ ਹਾਸਲ ਕਰਨ ਵਾਲੇ ਬਿਨੈਕਾਰ ਲਈ ਮਹਿਜ਼ 30 ਦਿਨਾਂ ਵਿੱਚ ਸਿਹਤ ਬੀਮਾ ਕਰਵਾਉਣਾ ਲਾਜ਼ਮੀ ਹੋਵੇਗਾ। ਅਜਿਹਾ ਨਾ ਕਰਨ 'ਤੇ ਵੀਜ਼ਾ ਹਾਸਲ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ।