ਨਵੀਂ ਦਿੱਲੀ: ਨਾਗਰਿਕਤਾ ਕਾਨੂੰਨ ਨੂੰ ਲੈ ਕੇ ਤਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਹੋ ਹੀ ਰਿਹਾ ਹੈ ਹੁਣ ਤਾਂ ਵਿਦੇਸ਼ ਵਿੱਚ ਵੀ ਇਸ ਦੇ ਖ਼ਿਲਾਫ਼ ਆਵਾਜ਼ ਚੁੱਕੀ ਜਾ ਰਹੀ ਹੈ। ਕੈਨੇਡਾ ਦੇ ਨਿਊਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਇਸ ਨੂੰ ਪੱਖਪਾਤੀ ਦੱਸਿਆ ਹੈ।
ਜਗਮੀਤ ਸਿੰਘ ਨੇ ਟਵੀਟ ਕਰ ਕੇ ਕਿਹਾ, "ਭਾਰਤ ਸਰਕਾਰ ਦਾ ਨਵਾਂ ਕਾਨੂੰਨ ਜਾਣਬੁੱਝ ਕੇ ਮੁਸਲਮਾਨਾਂ ਅਤੇ ਘੱਟ ਗਿਣਤੀ ਨਾਲ ਭੇਦਭਾਵ ਕਰਦਾ ਹੈ, ਇਹ ਗ਼ਲਤ ਹੈ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਵੱਧਦੀ ਨਫ਼ਰਤ ਅਤੇ ਧਰੁਵੀਕਰਨ ਦੇ ਸਮੇਂ, ਸਰਕਾਰਾਂ ਨੂੰ ਲੋਕਾਂ ਨੂੰ ਇਕੱਠੇ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਵੰਡਣ ਲਈ।"
ਜ਼ਿਕਰ ਕਰਨਾ ਬਣਦਾ ਹੈ ਕਿ ਇਹ ਕੋਈ ਪਹਿਲਾ ਵੇਲਾ ਨਹੀਂ ਹੈ ਜਦੋਂ ਵਿਦੇਸ਼ ਵਿੱਚ ਭਾਰਤ ਦੇ ਨਾਗਰਿਕਤਾ ਕਾਨੂੰਨ ਵਿਰੁੱਧ ਆਵਾਜ਼ ਚੁੱਕੀ ਗਈ ਹੋਵੇ, ਜੇ ਯਾਦ ਹੋਵੇ ਇਸ ਤੋਂ ਪਹਿਲਾ ਅਮਰੀਕਾ ਦੀਆਂ ਕਈ ਵਿੱਦਿਅਕ ਸੰਸਥਾਵਾਂ ਵਿੱਚ ਵੀ ਭਾਰਤੀ ਵਿਦਿਆਰਥੀਆਂ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ ਹੈ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਮਨੁੱਖੀ ਪਰਿਸ਼ਦ ਵੀ ਇਸ 'ਤੇ ਚਿੰਤਾ ਜ਼ਾਹਰ ਚੁੱਕਾ ਹੈ।
ਇਸ ਤੋਂ ਤਾਂ ਸਾਰੇ ਜਾਣੂ ਹੀ ਹਨ ਕਿ ਇਸ ਕਾਨੂੰਨ ਨਾਲ ਦੇਸ਼ ਵਿੱਚ ਕਿਵੇਂ ਹਿੰਸਾ ਫ਼ੈਲੀ ਹੋਈ ਹੈ ਜਿਸ ਦਾ ਸਭ ਤੋਂ ਵੱਧ ਪ੍ਰਭਾਵ ਅਸਮ ਅਤੇ ਨੇੜਲੇ ਇਲਾਕਿਆਂ ਵਿੱਚ ਹੈ ਇਸ ਤੋਂ ਬਾਅਦ ਜੇ ਇਸ ਕਾਨੂੰਨ ਦੀ ਅੱਗ ਫ਼ੈਲੀ ਹੈ ਤਾਂ ਉਹ ਹੈ ਉੱਤਰ ਪ੍ਰਦੇਸ਼ ਅਤੇ ਦੇਸ਼ ਦਾ ਦਿਲ ਕਹੇ ਜਾਣ ਵਾਲੀ ਦਿੱਲੀ ਵਿੱਚ।
ਸਰਕਾਰ ਨੇ ਇਸ ਬਾਬਤ ਕਈ ਸੰਕੇਤ ਵੀ ਦਿੱਤੇ ਹਨ ਕਿ ਕਾਨੂੰਨ ਵਿੱਚ ਕੋਈ ਬਦਲਾਅ ਕੀਤੇ ਜਾ ਸਕਦੇ ਹਨ ਪਰ ਅਜੇ ਵੀ ਇਸ ਦਾ ਵਿਰੋਧ ਪ੍ਰਦਰਸ਼ਨ ਜਿਓਂ ਦਾ ਤਿਓਂ ਜਾਰੀ ਹੈ।