ਵਾਸ਼ਿੰਗਟਨ: ਬੁੱਧਵਾਰ ਨੂੰ ਇੱਕ ਚੀਨੀ-ਅਮਰੀਕੀ ਵਿਅਕਤੀ ਨੂੰ ਫ਼ੌਜ ਦੀ ਸੰਵੇਦਨਸ਼ੀਲ ਤਕਨਾਲੋਜੀ ਦੇਣ ਦੇ ਦੋਸ਼ ਵਿੱਚ 38 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ।
ਨਿਆਂ ਵਿਭਾਗ ਨੇ ਕਿਹਾ ਕਿ ਵਾਈ ਸੁਨ (49) ਪਿਛਲੇ 10 ਸਾਲਾਂ ਤੋਂ ਟਕਸਨ ਵਿੱਚ ਇਲੈਕਟ੍ਰੀਕਲ ਇੰਜੀਨੀਅਰ ਵੱਜੋਂ ‘ਰੇਥੀਅਨ ਮਿਜ਼ਾਈਲ ਐਂਡ ਡਿਫੈਂਸ’ ਨਾਲ ਕੰਮ ਕਰ ਰਿਹਾ ਸੀ। ਇਸ ਕੇਸ ਵਿੱਚ, ਉਸ ਨੇ ਪਹਿਲਾਂ ਹੀ ਆਪਣੀ ਗ਼ਲਤੀ ਮੰਨ ਲਈ ਹੈ।
ਰੇਥੀਅਨ ਮਿਜ਼ਾਈਲ ਐਂਡ ਡਿਫੈਂਸ' ਅਮਰੀਕੀ ਫ਼ੌਜ ਵੱਲੋਂ ਵਰਤੋਂ ਲਈ ਮਿਜ਼ਾਈਲ ਪ੍ਰਣਾਲੀਆਂ ਦਾ ਵਿਕਾਸ ਅਤੇ ਨਿਰਮਾਣ ਕਰਦਾ ਹੈ। ਫੈਡਰਲ ਵਕੀਲਾਂ ਦੇ ਅਨੁਸਾਰ, ਸੁਨ ਨੇ ਦਸੰਬਰ 2018 ਤੋਂ ਦਸੰਬਰ 2019 ਦੇ ਵਿਚਕਾਰ ਚੀਨ ਦੀ ਇੱਕ ਨਿੱਜੀ ਯਾਤਰਾ ਕੀਤੀ ਅਤੇ ਇਸ ਸਮੇਂ ਦੌਰਾਨ ਉਸ ਨੇ ਇਹ ਸੰਵੇਦਨਸ਼ੀਲ ਜਾਣਕਾਰੀ ਉੱਥੇ ਪਹੁੰਚਾਈ ਸੀ।
ਸਹਾਇਕ ਅਟਾਰਨੀ ਜਨਰਲ ਜੌਨ ਸੀ. ਡਿਮਰਜ਼ ਨੇ ਕਿਹਾ, "ਸੁਨ ਇੱਕ ਇਲੈਕਟ੍ਰੀਕਲ ਇੰਜੀਨੀਅਰ ਹੈ ਤੇ ਭਰੋਸੇ ਨਾਲ ਉਸ ਨੂੰ ਸੰਵੇਦਨਸ਼ੀਲ ਮਿਜ਼ਾਈਲ ਤਕਨਾਲੋਜੀ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ ਸੀ ਅਤੇ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਕਾਨੂੰਨੀ ਤੌਰ 'ਤੇ ਇਸ ਨੂੰ ਦੁਸ਼ਮਣ ਦੇ ਹਵਾਲੇ ਨਹੀਂ ਕਰ ਸਕਦਾ ਪਰ ਫਿਰ ਵੀ ਉਸ ਨੇ ਇਹ ਜਾਣਕਾਰੀ ਚੀਨ ਨੂੰ ਦਿੱਤੀ ਹੈ।"