ਚੰਡੀਗੜ੍ਹ: ਸਾਲ 1991 ਵਿੱਚ ਆਈ ਉਸ ਸਮੇਂ ਦੀ ਸੁਪਰ-ਡੁਪਰ ਹਿੱਟ ਪੰਜਾਬੀ ਫਿਲਮ 'ਬਦਲਾ ਜੱਟੀ ਦਾ' ਨੇ ਪੰਜਾਬੀ ਸਿਨੇਮਾ ਦਾ ਮੁਹਾਂਦਰਾ ਤਬਦੀਲ ਕਰਨ ਅਤੇ ਇੱਕ ਨਵੇਂ ਟ੍ਰੈਡ ਦੀ ਸ਼ੁਰੂਆਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਜਿਸ ਨੂੰ ਇੱਕ ਵਾਰ ਫਿਰ ਨਵੇਂ ਸੀਕਵਲ ਰੂਪ ਅਧੀਨ ਸਾਹਮਣੇ ਲਿਆਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਨਿਰਮਾਣ ਇਕਬਾਲ ਸਿੰਘ ਢਿੱਲੋਂ ਦੁਆਰਾ ਕੀਤਾ ਜਾਏਗਾ, ਜੋ ਪੰਜਾਬੀ ਸਿਨੇਮਾ ਲਈ ਬਣੀਆਂ ਬੇਸ਼ੁਮਾਰ ਬਹੁ-ਚਰਚਿਤ ਅਤੇ ਸਫਲ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।
ਪੰਜਾਬੀ ਸਿਨੇਮਾ ਦੇ ਬੇਹਤਰੀਨ ਅਤੇ ਉੱਚਕੋਟੀ ਨਿਰਦੇਸ਼ਕ ਰਹੇ ਮਰਹੂਮ ਵਰਿੰਦਰ ਨਾਲ ਲੰਮਾ ਸਮਾਂ ਐਸੋਸੀਏਟ ਨਿਰਦੇਸ਼ਕ ਰਹੇ ਰਵਿੰਦਰ ਰਵੀ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਕਤ ਫਿਲਮ ਮਲਟੀ-ਸਟਾਰਰ ਸਟਾਰਕਾਸਟ ਪੱਖੋਂ ਵੀ ਉਸ ਸਮੇਂ ਦੀ ਵੱਡੀ ਅਤੇ ਬਿੱਗ ਸੈਟਅੱਪ ਫਿਲਮ ਮੰਨੀ ਗਈ ਸੀ, ਜਿਸ ਨੇ ਟਿਕਟ ਖਿੜਕੀ 'ਤੇ ਕਈ ਨਵੇਂ ਰਿਕਾਰਡ ਕਾਇਮ ਕਰਨ ਦਾ ਸਿਹਰਾ ਵੀ ਆਪਣੇ ਨਾਂਅ ਕੀਤਾ ਸੀ।
ਪੰਜਾਬੀ ਫਿਲਮ ਇੰਡਸਟਰੀ ਨੂੰ ਨਵੇਂ ਸਿਨੇਮਾ ਰੁਖ਼ ਵੱਲ ਮੋੜਨ ਵਾਲੀ ਉਕਤ ਫਿਲਮ ਦੀ ਮਣਾਂਮੂਹੀ ਕਾਮਯਾਬੀ ਨੂੰ ਫਿਰ ਦੁਹਰਉਣ ਜਾ ਰਹੇ ਇਕਬਾਲ ਢਿੱਲੋਂ ਅਨੁਸਾਰ ਉਨਾਂ ਦੁਆਰਾ ਨਿਰਮਤ ਕੀਤੀ ਜਾ ਰਹੀ ਇਸ ਫਿਲਮ ਦੀਆਂ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆ ਹਨ, ਜਿਸ ਵਿੱਚ ਲਹਿੰਦੇ ਪੰਜਾਬ ਦੇ ਸਿਨੇਮਾ ਖੇਤਰ ਨਾਲ ਸੰਬੰਧਤ ਕਲਾਕਾਰਾਂ ਅਤੇ ਲੇਖਨ-ਗੀਤ-ਸੰਗੀਤ ਸਨਅਤ ਨਾਲ ਜੁੜੀਆਂ ਸ਼ਖਸ਼ੀਅਤਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।
ਜੱਟਵਾਦ ਦੌਰ ਵਜੋਂ ਪ੍ਰਫੁੱਲਤ ਹੋਏ ਦੌਰ ਦਾ ਸ਼ੁਰੂਆਤੀ ਮੁੱਢ ਬੰਨਣ ਵਾਲੀ ਉਕਤ ਫਿਲਮ ਨਾਲ ਜੁੜੇ ਕੁਝ ਅਹਿਮ ਫੈਕਟਸ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਅਹਿਮ ਯੋਗਰਾਜ ਸਿੰਘ ਅਤੇ ਗੁੱਗੂ ਗਿੱਲ ਦੇ ਕਰੀਅਰ ਨੂੰ ਲੀਡਿੰਗ ਰੋਲਜ਼ ਵੱਲ ਮੋੜਨ ਦਾ ਮੁੱਢ ਵੀ ਇਸੇ ਫਿਲਮ ਨੇ ਬੰਨ੍ਹਿਆ ਜਦਕਿ ਇਸ ਤੋਂ ਪਹਿਲਾਂ ਉਹ ਜਿਆਦਾਤਰ ਸਪੋਰਟਿੰਗ ਰੋਲਜ਼ ਵਿੱਚ ਹੀ ਨਜ਼ਰ ਆਉਂਦੇ ਰਹੇ ਸਨ, ਜਿੰਨਾਂ ਨੂੰ ਇਸ ਫਿਲਮ ਨੇ ਅਜਿਹੀ ਅਪਾਰ ਕਾਮਯਾਬੀ ਨਾਲ ਨਿਵਾਜ਼ਿਆ ਕਿ ਉਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਪੜ੍ਹਾਅ ਦਰ ਪੜ੍ਹਾਅ ਕਾਮਯਾਬੀ ਦੇ ਕਈ ਅਯਾਮ ਉਨਾਂ ਇਕੱਠਿਆਂ ਨੇ ਤੈਅ ਕੀਤੇ।
ਉਕਤ ਫਿਲਮ ਦੀ ਬੰਪਰ ਕਾਮਯਾਬੀ ਦਾ ਨਿਰਮਾਤਾਵਾਂ, ਐਕਟਰਜ਼ ਦੇ ਨਾਲ-ਨਾਲ ਜਿਸ ਨੂੰ ਸਭ ਤੋਂ ਵੱਧ ਲਾਹਾ ਮਿਲਿਆ ਉਹ ਸਨ ਨਿਰਦੇਸ਼ਕ ਰਵਿੰਦਰ ਰਵੀ, ਜਿੰਨਾਂ ਦੇ ਕਰੀਅਰ ਨੇ ਇਸ ਫਿਲਮ ਤੋਂ ਬਾਅਦ ਐਸੀ ਉਛਾਲ ਭਰੀ ਕਿ ਉਹ ਪੰਜਾਬੀ ਸਿਨੇਮਾ ਦੇ ਉੱਚ ਕੋਟੀ ਨਿਰਦੇਸ਼ਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ।