ਚੰਡੀਗੜ੍ਹ: ਆਉਣ ਵਾਲੀ ਪੰਜਾਬੀ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' ਦੇ ਨਿਰਮਾਤਾਵਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਪਹਿਲਾਂ ਨਵਾਂ ਪੋਸਟਰ ਸਾਂਝਾ ਕੀਤਾ ਹੈ, ਇਸ ਫਿਲਮ ਵਿੱਚ ਦੇਵ ਖਰੌੜ, ਹਰਜ ਨਾਗਰਾ, ਈਸ਼ਾ ਰਿਖੀ, ਯੋਗਰਾਜ ਸਿੰਘ, ਮੋਨਿਕਾ ਗਿੱਲ, ਕਿਮੀ ਵਰਮਾ, ਹਾਰਬੀ ਸੰਘਾ ਅਤੇ ਹੋਰ ਬਹੁਤ ਸਾਰੇ ਮੰਝੇ ਹੋਏ ਕਲਾਕਾਰ ਨਜ਼ਰ ਆਉਣ ਵਾਲੇ ਹਨ।
ਗੁਰਪੁਰਬ ਉਤੇ ਸਾਂਝਾ ਕੀਤਾ ਫਿਲਮ ਦਾ ਪੋਸਟਰ ਇਸ ਪ੍ਰੋਜੈਕਟ ਵਿੱਚ ਅਧਿਆਤਮਿਕ ਮਹੱਤਤਾ ਦੀ ਇੱਕ ਪਰਤ ਨੂੰ ਜੋੜਦਾ ਨਜ਼ਰ ਆਉਂਦਾ ਹੈ। ਪੋਸਟਰ ਨੂੰ ਸਾਂਝਾ ਕਰਦੇ ਹੋਏ ਦੇਵ ਖਰੌੜ ਨੇ ਲਿਖਿਆ, 'ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਪਹਿਲਾਂ ਲੁੱਕ, ਉੱਚਾ ਦਰ ਬਾਬੇ ਨਾਨਕ ਦਾ।'
ਤੁਹਾਨੂੰ ਦੱਸ ਦਈਏ ਕਿ 'ਉੱਚਾ ਦਰ ਬਾਬੇ ਨਾਨਕ ਦਾ' ਤਰਨਵੀਰ ਸਿੰਘ ਜਗਪਾਲ ਦੁਆਰਾ ਨਿਰਦੇਸ਼ਿਤ ਅਤੇ ਨਿਰਮਿਤ ਹੈ, ਜੋ ਇਸ ਤੋਂ ਪਹਿਲਾਂ 'ਰੱਬ ਦਾ ਰੇਡਿਓ', ਜਿੰਮੀ ਸ਼ੇਰਗਿੱਲ ਨਾਲ 'ਦਾਣਾ-ਪਾਣੀ' ਤੋਂ ਇਲਾਵਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਸਟਾਰਰ 'ਯੈਸ ਆਈ ਐੱਮ ਸਟੂਡੈਂਟ' ਆਦਿ ਫਿਲਮਾਂ ਦਾ ਨਿਰਦੇਸ਼ਨ ਕਰ ਕੇ ਕਾਫੀ ਸਫ਼ਲਤਾ ਅਤੇ ਤਾਰੀਫ਼ ਹਾਸਿਲ ਚੁੱਕੇ ਹਨ, ਉੱਚਾ ਦਰ ਬਾਬੇ ਨਾਨਕ ਦਾ ਉਹਨਾਂ ਦੀ ਬਤੌਰ ਨਿਰਦੇਸ਼ਕ ਚੌਥੀ ਪੰਜਾਬੀ ਫਿਲਮ ਹੋਵੇਗੀ। ਉਹ ਇਸ ਫਿਲਮ ਰਾਹੀਂ ਦਰਸ਼ਕਾਂ ਨੂੰ ਇੱਕ ਭਾਵਨਾਤਮਕ ਯਾਤਰਾ ਉਤੇ ਲੈ ਕੇ ਜਾਣ ਦਾ ਵਾਅਦਾ ਕਰਦੇ ਹਨ।
- \
ਉਲੇਖਯੋਗ ਹੈ ਕਿ ਨਿਰਮਾਤਾਵਾਂ ਨੇ ਕਹਾਣੀ ਦੇ ਵੇਰਵਿਆਂ ਨੂੰ ਲੁਕਾ ਕੇ ਰੱਖਿਆ ਹੈ, ਫਿਲਮ 2024 ਵਿੱਚ ਰਿਲੀਜ਼ ਹੋਣ ਵਾਲੀ ਹੈ। ਪ੍ਰਸ਼ੰਸਕ ਇਸ ਫਿਲਮ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ ਜੋ ਸ਼ਾਇਦ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੀ ਹੋ ਸਕਦੀ ਹੈ, ਪਰ ਕੁਝ ਪੱਕਾ ਉਦੋਂ ਹੀ ਕਿਹਾ ਜਾ ਸਕਦਾ ਹੈ ਜਦੋਂ ਨਿਰਮਾਤਾ ਫਿਲਮ ਬਾਰੇ ਹੋਰ ਖੁਲਾਸਾ ਕਰਨਗੇ। ਪਰ ਇਹ ਨੋਟ ਕਰਨ ਵਾਲੀ ਗੱਲ ਹੈ ਕਿ 'ਉੱਚਾ ਦਰ ਬਾਬੇ ਨਾਨਕ ਦਾ' ਦੀ ਸ਼ੂਟਿੰਗ ਸੱਤ ਵੱਖ-ਵੱਖ ਦੇਸ਼ਾਂ ਵਿੱਚ ਕੀਤੀ ਜਾਵੇਗੀ ਅਤੇ ਨਿਰਮਾਤਾ ਹਰ ਪਹਿਲੂ ਵਿੱਚ ਰਿਕਾਰਡ ਤੋੜਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ।