ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਇਹ ਨਵਾਂ ਸਾਲ ਕੰਟੈਂਟ ਅਤੇ ਮੁਹਾਂਦਰੇ ਪੱਖੋਂ ਕਈ ਨਿਵੇਕਲੇ ਮਾਪਦੰਡ ਸਿਰਜਨ ਜਾ ਰਿਹਾ ਹੈ ਅਤੇ ਇਸੇ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਇੱਕ ਹੋਰ ਬਹੁ-ਚਰਚਿਤ ਪੰਜਾਬੀ ਫਿਲਮ 'ਜੱਟੀ 15 ਮੁਰੱਬਿਆਂ ਵਾਲੀ', ਜਿਸ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।
'ਪਨੀਚ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਨਿਰਮਾਣ ਗੁਰਦੀਪ ਪਨੀਚ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦੇ ਨਿਰਦੇਸ਼ਕ ਦੇਵੀ ਸ਼ਰਮਾ ਹਨ, ਜੋ ਇਸ ਤੋਂ ਪਹਿਲਾਂ ਵੀ 'ਦੁੱਲਾ ਵੈਲੀ', 'ਹਵੇਲੀ ਇਨ ਟ੍ਰਬਲ', 'ਕੰਟਰੀ ਸਾਈਡ ਗੁੰਡੇ' ਆਦਿ ਜਿਹੀਆਂ ਕਈ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦਾ ਜਿਲ੍ਹਾਂ ਬਠਿੰਡਾ ਅਤੇ ਇਸ ਦੇ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਗਈ ਅਤੇ ਖੁਸ਼ਬੂ ਸ਼ਰਮਾ ਵੱਲੋਂ ਲਿਖੀ ਉਕਤ ਪਰਿਵਾਰਕ-ਡਰਾਮਾ ਅਤੇ ਐਕਸ਼ਨ ਫਿਲਮ ਵਿੱਚ ਆਰੀਆ ਬੱਬਰ, ਗੁਗਨੀ ਗਿੱਲ ਪਨੀਚ, ਲਖਵਿੰਦਰ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨਾਂ ਤੋਂ ਇਲਾਵਾ ਸੀਮਾ ਕੌਸ਼ਲ, ਗੁਰਪ੍ਰੀਤ ਕੌਰ ਭੰਗੂ, ਸਤਵੰਤ ਕੌਰ, ਹਰਜੀਤ ਵਾਲੀਆ, ਚਾਚਾ ਬਿਸ਼ਨਾ, ਰੂਪ ਕੌਰ ਸੰਧੂ, ਦਲਜੀਤ ਸਿੰਘ ਅਰੋੜਾ, ਮਲਕੀਤ ਰੌਣੀ, ਗੁਰਚੇਤ ਚਿੱਤਰਕਾਰ, ਸੂਫੀ ਗੁੱਜਰ ਆਦਿ ਜਿਹੇ ਮੰਨੇ ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।
ਉਕਤ ਫਿਲਮ ਨਾਲ ਕੁਝ ਜੁੜੇ ਅਹਿਮ ਫੈਕਟਸ ਦੀ ਗੱਲ ਕੀਤੀ ਜਾਵੇ ਤਾਂ ਇਸ ਨਾਲ ਬਾਲੀਵੁੱਡ ਅਦਾਕਾਰ ਆਰਿਆ ਬੱਬਰ ਪਾਲੀਵੁੱਡ 'ਚ ਆਪਣੀ ਇੱਕ ਹੋਰ ਸ਼ਾਨਦਾਰ ਪਾਰੀ ਦੇ ਆਗਾਜ਼ ਵੱਲ ਵਧਣਗੇ, ਜਿੰਨਾਂ ਤੋਂ ਇਲਾਵਾ ਫਿਲਮ ਦੀ ਲੀਡ ਅਦਾਕਾਰਾ ਗੁਗਨੀ ਗਿੱਲ ਵੀ ਲੰਮੇਂ ਸਮੇਂ ਬਾਅਦ ਪੰਜਾਬੀ ਸਿਨੇਮਾ ਸਕਰੀਨ 'ਤੇ ਆਪਣੀ ਸ਼ਾਨਦਾਰ ਮੌਜੂਦਗੀ ਦਾ ਮੁੜ ਇਜ਼ਹਾਰ ਕਰਵਾਏਗੀ, ਜੋ ਇਸ ਸਿਨੇਮਾ ਦੀਆਂ ਕਈ ਮਹੱਤਵਪੂਰਨ ਫਿਲਮਾਂ ਦਾ ਮੁੱਖ ਹਿੱਸਾ ਰਹਿਣ ਦਾ ਮਾਣ ਅਪਣੀ ਝੋਲੀ ਪਾ ਚੁੱਕੀ ਹੈ, ਜਿਸ ਵੱਲੋਂ ਹੁਣ ਤੱਕ ਦੇ ਆਪਣੇ ਸਫ਼ਰ ਦੌਰਾਨ ਬਤੌਰ ਲੀਡ ਐਕਟ੍ਰੈਸ ਕੀਤੀਆਂ ਗਈਆਂ ਫਿਲਮਾਂ ਵਿਚ 'ਦੁੱਲਾ ਵੈਲੀ', 'ਜੰਗੀਰਾ', 'ਵਸੀਅਤ', 'ਰੱਬ ਦੀਆਂ ਰਾਖਾ' ਆਦਿ ਸ਼ੁਮਾਰ ਰਹੀਆਂ ਹਨ।
'ਵਾਈਟ ਹਿੱਲ ਸਟੂਡੀਓਜ਼' ਵੱਲੋਂ ਆਉਣ ਵਾਲੀ 16 ਫਰਵਰੀ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫਿਲਮ ਦਾ ਸੰਗੀਤ ਹਰਵਿੰਦਰ ਸੋਹਲ ਗੁਰਮੀਤ ਸਿੰਘ ਅਤੇ ਮਨੀ ਔਜਲਾ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਫਿਲਮ ਵਿਚਲੇ ਗੀਤਾਂ ਦੇ ਬੋਲ ਦਲਜੀਤ ਅਰੋੜਾ, ਸੁੱਖ ਸੰਧੂ, ਭੱਟੀ ਭੜੀਵਾਲਾ, ਵਿੰਦਰ ਨਾਥੂਮਾਜਰਾ ਅਤੇ ਦਲਜੀਤ ਚਿਤੀ ਨੇ ਰਚੇ ਹਨ, ਜਿੰਨਾਂ ਨੂੰ ਪਿੱਠਵਰਤੀ ਆਵਾਜ਼ਾਂ ਅਫ਼ਸਾਨਾ ਖਾਨ, ਗੁਰਲੇਜ਼ ਅਖਤਰ, ਕਮਾਲ ਖਾਨ, ਸ਼ਿਵਜੋਤ, ਸਿਮਰਨ ਭਾਰਦਵਾਜ਼, ਗੁਰਮੀਤ ਨੇ ਦਿੱਤੀਆਂ ਹਨ।